ਮੌਸਮ ਵਿਭਾਗ ਦੀ ਚਿਤਾਵਨੀ, ਅਜੇ ਕੁਝ ਦਿਨ ਹੋਰ ਗਰਮੀ ਤੇ ਲੂ ਤੋਂ ਨਹੀਂ ਮਿਲੇਗੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 ਜੂਨ ਤੋਂ ਬਾਅਦ ਲੋਕਾਂ ਨੂੰ ਗਰਮੀ ਤੇ ਲੂ ਤੋਂ ਮਿਲ ਸਕਦੀ ਹੈ ਰਾਹਤ

Wheather Department Alert

ਚੰਡੀਗੜ੍ਹ: ਅਗਲੇ ਕੁਝ ਦਿਨ ਹੋਰ ਗਰਮੀ ਤੇ ਲੂ ਤੋਂ ਰਾਹਤ ਮਿਲਣ ਦੇ ਆਸਾਰ ਨਾਮਾਤਰ ਹਨ। ਇਸ ਸਬੰਧੀ ਮੌਸਮ ਵਿਭਾਗ ਨੇ ਚਿਤਾਵਨੀ ਦਿਤੀ ਹੈ ਕਿ ਗਰਮੀ ਤੇ ਲੂ ਦਾ ਕਹਿਰ ਹੋਰ ਵੀ ਵੱਧ ਸਕਦਾ ਹੈ। ਉੱਤਰ ਭਾਰਤ ਦੇ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ ਸਮੇਤ ਕਈ ਇਲਾਕਿਆਂ ਵਿਚ ਗਰਮੀ ਤੇ ਲੂ ਤੋਂ ਅਗਲੇ 2-3 ਦਿਨ ਤੱਕ ਰਾਹਤ ਮਿਲਣ ਦੇ ਅਸਾਰ ਨਹੀਂ ਹਨ।

ਉੱਤਰੀ ਭਾਰਤ ਵਿਚ ਲੂ ਦਾ ਕਹਿਰ ਲਗਾਤਾਰ ਜਾਰੀ ਹੈ। ਯੂਪੀ, ਬਿਹਾਰ, ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ 'ਚ ਤਾਂ ਅੱਗ ਵਰ੍ਹ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸ ਦੇ ਨਜ਼ਦੀਕ ਐੱਨਸੀਆਰ ਦੇ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫ਼ਰੀਦਾਬਾਦ, ਸੋਨੀਪਤ ’ਚ ਤਾਂ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ। ਗਾਜ਼ੀਆਬਾਦ ਤੇ ਗੁਰੂਗ੍ਰਾਮ ’ਚ 46 ਡਿਗਰੀ ਦੇ ਆਸ-ਪਾਸ ਹੈ।

ਭਾਰਤੀ ਮੌਸਮ ਵਿਭਾਗ ਮੁਤਾਬਕ ਗਰਮੀ ਤੇ ਲੂ ਤੋਂ ਰਾਹਤ ਮਿਲਣ ਦੀ ਅਗਲੇ ਕੁਝ ਦਿਨਾਂ ਤੱਕ ਕੋਈ ਆਸ ਨਹੀਂ ਹੈ। ਖ਼ਾਸ ਤੌਰ ’ਤੇ ਇਸ ਹਫ਼ਤੇ ਤਾਂ ਮੌਸਮ ’ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। 1 ਜੂਨ ਤੋਂ ਬਾਅਦ ਲੋਕਾਂ ਨੂੰ ਗਰਮੀ ਤੇ ਲੂ ਤੋਂ ਰਾਹਤ ਮਿਲ ਸਕਦੀ ਹੈ। ਦੇਸ਼ ਦੇ ਦੋ-ਤਿਹਾਈ ਹਿੱਸੇ ਵਿਚ ਅੱਗ ਵਰ੍ਹ ਰਹੀ ਹੈ। ਉੱਤਰੀ ਭਾਰਤ ਵਿਚ ਉੱਤਰ ਪ੍ਰਦੇਸ਼, ਹਰਿਆਣਾ ਤੇ ਚੰਡੀਗੜ੍ਹ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ ਜਿੱਥੇ ਇਸ ਹਫ਼ਤੇ ਤਾਪਮਾਨ 31 ਡਿਗਰੀ ਤੱਕ ਵਧ ਸਕਦਾ ਹੈ।

ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਗਰਮੀ ਨੇ ਆਮ ਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ, ਜਿੱਥੇ ਬੀਕਾਨੇਰ ਦਾ ਤਾਪਮਾਨ ਸਭ ਤੋਂ ਵੱਧ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਚ ਗਰਮੀ ਹੋਰ ਵਧੇਗੀ ਅਤੇ ਲੋਕਾਂ ਨੂੰ ਇਸ ਦਾ ਖ਼ਾਸ ਧਿਆਨ ਰੱਖਣਾ ਹੋਵੇਗਾ।

ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 12-3 ਵਜੇ ਤੱਕ ਦਾ ਜਿਹੜਾ ਸਮਾਂ ਉਹ ਲੂ ਦਾ ਸਮਾਂ ਹੈ ਇਸ ਕਰਕੇ ਲੋਕ ਇਸ ਸਮੇਂ ਦੌਰਾਨ ਘਰਾਂ ’ਚੋਂ ਘੱਟ ਬਾਹਰ ਨਿਕਲਣ ਅਤੇ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਵਰਤਣ ਅਤੇ ਸਿਰ ਵੀ ਢੱਕ ਕੇ ਰੱਖਣ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਇਹ ਹਦਾਇਤ ਦਿਤੀ ਹੈ ਕਿ ਉਹ ਵੀ ਅਪਣੀ ਫਸਲ ਨੂੰ ਪਾਣੀ ਲਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨ ਉਸ ਦਾ ਖਾਸ ਧਿਆਨ ਰੱਖਣ ਅਤੇ ਸਬਜ਼ੀਆਂ ਅਤੇ ਫ਼ਲਾਂ ਦੇ ਦਰੱਖਤਾਂ ਦੇ ਪੱਤਿਆਂ ਨੂੰ ਵੀ ਸਫ਼ੈਦੀ ਕਰ ਦੇਣ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ।