ਵਧਦੀ ਗਰਮੀ ਨੇ AC ਵੀ ਕੀਤੇ ਫੇਲ੍ਹ, ਆਉਣ ਵਾਲੇ ਦਿਨਾਂ ‘ਚ ਵੀ ਬਰਕਰਾਰ ਰਹੇਗੀ ਅੰਤਾਂ ਦੀ ਗਰਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਪੰਜਾਬ ‘ਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ...

Temperature

ਮੋਹਾਲੀ: ਪੂਰੇ ਪੰਜਾਬ ‘ਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਜੇ ਗੱਲ ਕਰੀਏ ਅੱਜ ਦੀ ਤਾਂ ਮੋਹਾਲੀ ‘ਚ ਅੱਜ ਬਹੁਤ ਗਰਮ ਦਿਨ ਰਹਿਣ ਵਾਲਾ ਹੈ, ਹੁਣ 11 ਸਵੇਰੇ ਤੱਕ ਦਾ ਤਾਪਮਾਨ 37 ਡਿਗਰੀ ਹੈ ਤੇ ਦੁਪਹਿਰ ਤੱਕ 43 ਪਹੁੰਚ ਜਾਵੇਗਾ। ਜਿਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਹ ਹੀ ਨਹੀਂ ਅੰਤਾਂ ਦੀ ਗਰਮੀ ਨੇ ਏਸੀ ਵੀ ਫੇਲ੍ਹ ਕਰ ਦਿੱਤੇ ਹਨ।  ਜੂਨ ਮਹੀਨੇ ਵੱਲ ਵਧਦੇ ਹੀ ਤਾਪਮਾਨ ਵਿਚ ਤੇਜ਼ੀ ਨਾਲ ਉਛਾਲ ਆਉਣ ਲੱਗਾ ਹੈ।

ਸਵੇਰ ਤੋਂ ਹੀ ਚਲਦੀ ‘ਲੂ’ ਕਾਰਨ ਲੋਕ ਬੁਰੀ ਤਰ੍ਹਾਂ ਝੁਲਸ ਰਹੇ ਹਨ ਅਤੇ ਹਰ ਕਿਸੇ ਦੇ ਮੂੰਹੋਂ ਗਰਮੀ ਕਾਰਨ ਹਾਏ-ਤੌਬਾ ਨਿਕਲ ਰਹੀ ਹੈ। ਸਵੇਰ ਦੇ 10 ਵਜਦੇ ਹੀ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਦੁਪਹਿਰ ਹੋ ਗਈ ਹੋਵੇ। ਸ਼ਾਮ ਢਲਣ ਤੱਕ ‘ਲੂ’ ਦਾ ਕਹਿਰ ਸਰੀਰ ਨੂੰ ਝੁਲਸਾ ਕੇ ਰੱਖ ਦੇਣ ਵਾਲਾ ਰਹਿੰਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਰਾਹਗੀਰ ਰੁੱਖਾਂ ਦੀ ਸ਼ੈਲਟਰ ਲੈਂਦੇ ਦਿਖਾਈ ਦਿੰਦੇ ਹਨ ਉੱਥੇ ਪੰਛੀ ਵੀ ਪਿਆਸ ਬੁਝਾਉਣ ਲਈ ਪਾਣੀ ਦੀ ਭਾਲ ‘ਚ ਭਟਕਦੇ ਦਿਖ ਰਹੇ ਹਨ।

ਕਿਸਾਨਾਂ ਨੂੰ ਨੇਕ ਸਲਾਹ

ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਮੌਜੂਦਾ ਮੌਸਮ ਦੌਰਾਨ ਕਿਸਾਨਾਂ ਨੂੰ ਇਹ ਨੇਕ ਸਲਾਹ ਦਿੱਤੀ ਹੈ ਕਿ ਉਹ ਸਬਜ਼ੀਆਂ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਖੇਤੀ ਮਾਹਰਾਂ ਨਾਲ ਤਾਲਮੇਲ ਬਣਾਈ ਰੱਖਣ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਨੁਕਸਾਨ ਨਾ ਸਹਿਣਾ ਪਵੇ। ਦੱਸ ਦਈਏ ਕਿ ਪਾਵਰਕਾਮ ਦੇ ਲਈ ਵਧਦੀ ਗਰਮੀ ਵਿਚ ਰੈਗੂਲਰ ਅਤੇ ਕੁਆਲਿਟੀ ਭਰਪੂਰ ਬਿਜਲੀ ਸਪਲਾਈ ਦੇਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਬਚਣ ਲਈ ਕਰੋ ਇਹ ਉਪਾਅ

ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਰੱਜ ਕੇ ਪਾਣੀ ਪੀਓ, ਲੂਜ਼, ਸੂਤੀ ਅਤੇ ਆਰਾਮਦਾਇਕ ਕੱਪੜੇ ਪਹਿਨੋ, ਬਾਹਰ ਧੁੱਪ ਵਿਚ ਨਿਕਲਣ ਤੋਂ ਪਹਿਲਾਂ ਸਿਰ ਕਵਰ ਕਰ ਕੇ ਨਿਕਲੋ, ਹੋ ਸਕੇ ਤਾਂ ਗਿੱਲੇ ਤੌਲੀਆ ਦੀ ਵਰਤੋਂ ਕਰੋ, ਓਆਰਐਸ ਦਾ ਘੋਲ ਜਾਂ ਫਿਰ ਲੱਸੀ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰੋ, ਜੇ ਹੋ ਸਕੇ ਨਿੰਬੂ ਪਾਣੀ ਸਭ ਤੋਂ ਵਧੀਆ ਹੈ, ਦੁਪਹਿਰ ਦੇ ਸਮੇਂ ਘਰੋਂ ਬਾਹਰ ਘੱਟ ਨਿਕਲੋ, ਬਾਹਰ ਦੇ ਕੰਮ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਨਿਪਟਾ ਲਓ ਤਾਂ ਬਿਹਤਰ ਰਹੇਗਾ।