TikTok ਨੂੰ ਇਕ ਹੋਰ ਵੱਡਾ ਝਟਕਾ! ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕੇਸ ਲੜਨ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕਟਾਕ ਵੱਲ਼ੋਂ ਭਾਰਤ ਸਰਕਾਰ ਦੇ ਖਿਲਾਫ ਕੇਸ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ।

Mukul Rohatgi

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕਟਾਕ ਵੱਲ਼ੋਂ ਭਾਰਤ ਸਰਕਾਰ ਦੇ ਖਿਲਾਫ ਕੇਸ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ। ਟਿਕਟਾਕ ‘ਤੇ ਲੱਗੇ ਕੇਂਦਰ ਸਰਕਾਰ ਦੇ ਬੈਨ ਖਿਲਾਫ ਕੋਰਟ ਵਿਚ ਪਟੀਸ਼ਨ ਦਰਜ ਕਰਨ ਲਈ ਟਿਕਟਾਕ ਨੇ ਐਡਵੋਕੇਟ ਮੁਕੁਲ ਰੋਹਤਗੀ ਨਾਲ ਸੰਪਰਕ ਕੀਤਾ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਖੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤ ਚੀਨ ਸਰਹੱਦ ‘ਤੇ ਭਾਰਤੀ ਫੌਜੀਆਂ ਦੀ ਸ਼ਹਾਦਤ ਦੇ ਮੱਦੇਨਜ਼ਰ ਦੇਸ਼ ਵਿਚ ਚੀਨ ਦੀਆਂ ਚੀਜ਼ਾਂ ਅਤੇ ਵਪਾਰਕ ਸਮਝੌਤਿਆਂ ਦਾ ਬਾਈਕਾਟ ਕਰਨ ਦੀ ਭਾਰਤੀ ਜਨਤਾ ਦੀ ਮੰਗ ਨੂੰ ਦੇਖਦੇ ਹੋਏ ਐਡਵੋਕੇਟ ਰੋਹਤਗੀ ਨੇ ਇਹ ਕਦਮ ਚੁੱਕਿਆ ਹੈ।

ਦੱਸ ਦਈਏ ਕਿ ਚੀਨ ਖਿਲਾਫ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 59 ਚੀਨੀ ਐਪਸ ‘ਤੇ ਬੈਨ ਲਗਾ ਦਿੱਤਾ। ਇਸ ਵਿਚ ਮਸ਼ਹੂਰ ਐਪ ਟਿਕਟਾਕ ਅਤੇ ਹੇਲੋ ਵੀ ਸ਼ਾਮਲ ਹਨ। ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਤਹਿਤ ਇਹਨਾਂ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਹੈ।

ਮੰਤਰਾਲੇ ਨੇ ਇਕ ਨੋਟਿਸ ਜਾਰੀ ਕਰ ਕੇ ਦੱਸਿਆ ਹੈ ਕਿ ਇਹ 59 ਚੀਨੀ ਐਪਸ ਉਹਨਾਂ ਗਤੀਵਿਧੀਆਂ ਵਿਚ ਲੱਗੇ ਹੋਏ ਹਨ ਜੋ ਭਾਰਤ ਦੀ ਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਹਨ। ਅਜਿਹੇ ਵਿਚ ਇਹਨਾਂ ਐਪਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ।

ਮੰਤਰਾਲੇ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾਂ ਵਿਚ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵੱਖ-ਵੱਖ ਸਰੋਤਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਐਂਡਰਾਇਡ ਅਤੇ ਆਈਓਐਸ ‘ਤੇ ਮੌਜੂਦ ਇਹ ਚੀਨੀ ਐਪਸ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਉਹਨਾਂ ਦਾ ਡਾਟਾ ਚੋਰੀ ਕਰਦੇ ਹਨ।