TikTok ਤੇ Helo ਐਪ ਖਿਲਾਫ ਗੂਗਲ ਤੇ ਐਪਲ ਦੀ ਕਾਰਵਾਈ, ਚੁੱਕਿਆ ਇਹ ਕਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

TikTok ਅਤੇ Helo ਸਮੇਤ 59 ਚੀਨੀ ਐਪਸ ‘ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕੀ ਕੰਪਨੀ ਗੂਗਲ ਅਤੇ ਐਪਲ ਵੀ ਸਾਹਮਣੇ ਆਈਆਂ ਹਨ।

TikTok and Helo

ਨਵੀਂ ਦਿੱਲੀ: TikTok ਅਤੇ Helo ਸਮੇਤ 59 ਚੀਨੀ ਐਪਸ ‘ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕੀ ਕੰਪਨੀ ਗੂਗਲ ਅਤੇ ਐਪਲ ਵੀ ਸਾਹਮਣੇ ਆਈਆਂ ਹਨ। ਇਹਨਾਂ ਦੋਵੇਂ ਕੰਪਨੀਆਂ ਨੇ ਅਪਣੇ ਐਪ ਸਟੋਰ ਤੋਂ ਟਿਕ-ਟਾਕ ਅਤੇ ਹੇਲੋ ਨੂੰ ਹਟਾ ਦਿੱਤਾ ਹੈ। ਬੀਤੀ ਰਾਤ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਅੱਜ ਸਵੇਰੇ ਲਗਭਗ 9 ਵਜੇ ਇਹ ਕਦਮ ਚੁੱਕਿਆ ਗਿਆ।

ਹੁਣ ਕੋਈ ਵੀ ਭਾਰਤੀ ਯੂਜ਼ਰ ਇਹਨਾਂ ਐਪਸ ਨੂੰ ਡਾਊਨਲੋਡ ਨਹੀਂ ਕਰ ਸਕੇਗਾ। ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਗੂਗਲ ਨੇ ਅਪਣੇ ਪਲੇ ਸਟੋਰ ਅਤੇ ਐਪਲ ਨੇ ਐਪ ਸਟੋਰ ਤੋਂ ਕੁਝ ਹੀ ਚੀਨੀ ਐਪਸ ਨੂੰ ਬੈਨ ਕੀਤਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਬੈਨ ਕੀਤੇ ਗਏ ਸਾਰੇ ਚੀਨੀ ਐਪਸ ਵਿਚੋਂ ਕੁਝ ਐਪਸ ਹਾਲੇ ਵੀ ਪਲੇ ਸਟੋਰ ‘ਤੇ ਨਜ਼ਰ ਆ ਰਹੇ ਹਨ।

ਫਿਲਹਾਲ਼ ਦੋਵੇਂ ਹੀ ਅਮਰੀਕੀ ਕੰਪਨੀਆਂ ਨੇ ਅਪਣੀ ਇਸ ਕਾਰਵਾਈ ‘ਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ। ਭਾਰਤ ਵਿਚ ਪਾਬੰਦੀ ਲੱਗਣ ਤੋਂ ਬਾਅਦ ਚੀਨ ਦੇ ਮੋਬਾਈਲ ਐਪ ਟਿਕਟਾਕ ਨੇ ਅਪਣੀ ਸਫਾਈ ਜਾਰੀ ਕੀਤੀ ਹੈ।

ਬਿਆਨ ਜਾਰੀ ਕਰ ਕੇ ਟਿਕਟਾਕ ਨੇ ਕਿਹਾ ਕਿ ਕੰਪਨੀ ਭਾਰਤ ਵਿਚ ਅਪਣੇ ਕਿਸੇ ਵੀ ਯੂਜ਼ਰ ਦਾ ਡਾਟਾ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝਾ ਨਹੀਂ ਕਰਦੀ। ਐਪ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਤੇ ਕੰਪਨੀ ਦਾ ਕਹਿਣਾ ਹੈ ਕਿ ਬਾਈਟਡਾਂਸ ਨੇ ਭਾਰਤ ਸਰਕਾਰ ਕੋਲ ਅਪਣਾ ਪੱਖ ਰੱਖਣ ਦੀ ਮਨਜ਼ੂਰੀ ਮੰਗੀ ਹੈ ਤਾਂ ਜੋ ਇਤਰਾਜ਼ ਦੂਰ ਕੀਤੇ ਜਾ ਸਕਣ।