ਦਿੱਲੀ 'ਚ ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ-200 ਯੂਨਿਟ ਤੱਕ ਬਿਜਲੀ ਮਿਲੇਗੀ ਮੁਫ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 200 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰ ਰਹੇ ਦਿੱਲੀ ਵਾਸੀਆਂ ਨੂੰ ਬਿਲ ਦੇ ਰੂਪ ਵਿਚ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।

Arvind Kejriwal

ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ 200 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰ ਰਹੇ ਦਿੱਲੀ ਵਾਸੀਆਂ ਨੂੰ ਬਿਲ ਦੇ ਰੂਪ ਵਿਚ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ 200 ਯੂਨਿਟ ਤੱਕ ਬਿਜਲੀ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਪੂਰੀ ਸਬਸਿਡੀ ਦੇਵੇਗੀ। ਉਹਨਾਂ ਦੱਸਿਆ ਕਿ 201 ਤੋਂ 401 ਯੂਨਿਟ ਤੱਕ ਬਿਜਲੀ ਦੀ ਵਰਤੋਂ ‘ਤੇ ਵੀ ਸਰਕਾਰ 50 ਫੀਸਦੀ ਸਬਸਿਡੀ ਦਿੰਦੀ ਰਹੇਗੀ।

ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਬਿਜਲੀ ਦੀ ਬੱਚਤ ਨੂੰ ਵਾਧਾ ਮਿਲੇਗਾ। 200 ਯੂਨਿਟ ਤੱਕ ਬਿਜਲੀ ਵਰਤਣ ਵਾਲੇ ਨੂੰ ਕੱਲ ਤੱਕ 622 ਰੁਪਏ ਦੇਣੇ ਪੈਂਦੇ ਸੀ, ਹੁਣ ਬਿਜਲੀ ਮੁਫ਼ਤ ਮਿਲੇਗੀ। ਦਿੱਲੀ ਭਾਜਪਾ ਆਗੂ ਮਨੋਜ ਤਿਵਾੜੀ ਨੇ ਕੇਜਰੀਵਾਲ ਸਰਕਾਰ ਦੇ 200 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਵਿਚ ਬਿਜਲੀ ‘ਤੇ ਫਿਕਸ ਚਾਰਜ ਘੱਟ ਕੀਤੇ ਗਏ ਸਨ। ਬਿਜਲੀ ਰੈਗੂਲੇਟਰੀ ਕਮਿਸ਼ਨ ਦਿੱਲੀ ਦੇ ਚੇਅਰਮੈਨ ਜਸਟਿਸ ਐਸਐਸ ਚੌਹਾਨ ਨੇ ਦੱਸਿਆ ਕਿ 2 ਕਿਲੋਵਾਟ ਤੱਕ 20 ਰੁਪਏ ਪ੍ਰਤੀ ਕੁਇੰਟਲ ਫੀਸ ਹੋਵੇਗੀ ਜੋ ਕਿ ਹੁਣ ਤੱਕ 125 ਰੁਪਏ ਪ੍ਰਤੀ ਕੁਇੰਟਲ ਸੀ।

ਦੂਜੇ ਪਾਸੇ 1200 ਯੂਨਿਟ ਤੋਂ ਜ਼ਿਆਦਾ ਖਪਤ ‘ਤੇ ਪ੍ਰਤੀ ਯੂਨਿਟ ਫੀਸ ਵਧਾਈ ਗਈ ਹੈ। ਹੁਣ ਤੱਕ ਇਹ ਫੀਸ 7.75 ਸੀ ਜੋ ਹੁਣ 8 ਰੁਪਏ ਪ੍ਰਤੀ ਯੂਨਿਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੌਹਾਨ ਨੇ ਦੱਸਿਆ ਕਿ 2 ਤੋਂ 5 ਕਿਲੋਵਾਟ ਤੱਕ ਫਿਕਸ ਚਾਰਜ ਹੁਣ ਤੱਕ 140 ਰੁਪਏ ਪ੍ਰਤੀ ਕਿਲੋਵਾਟ ਸੀ ਜੋ ਕਿ 50 ਰੁਪਏ ਪ੍ਰਤੀ ਕਿਲੋਵਾਟ ਕੀਤਾ ਗਿਆ ਹੈ। ਹੁਣ ਤੱਕ 5 ਤੋਂ 15 ਕਿਲੋਵਾਟ ਦੇ ਕਨੈਕਸ਼ਨ ‘ਤੇ 175 ਰੁਪਏ ਪ੍ਰਤੀ ਕਿਲੋਵਾਟ ਫੀਸ ਸੀ ਜੋ ਕਿ 100 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਬਿਜਲੀ ਦੇ ਰੇਟ ਵਿਚ ਆਮ ਜਿਹਾ ਬਦਲਾਅ ਕੀਤਾ ਗਿਆ ਹੈ। 1200 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਖਪਤ ‘ਤੇ ਪ੍ਰਤੀ ਯੂਨਿਟ ਰੇਟ 8 ਰੁਪਏ ਹੋਵੇਗਾ ਜੋ ਕਿ ਹੁਣ ਤੱਕ 7.75 ਰੁਪਏ ਪ੍ਰਤੀ ਯੂਨਿਟ ਸੀ। ਇਸ ਬਦਲਾਅ ਨਾਲ ਦਿੱਲੀ ਦੇ 64 ਹਜ਼ਾਰ ਗਾਹਕਾਂ ‘ਤੇ ਅਸਰ ਹੋਵੇਗਾ। ਈ-ਰਿਕਸ਼ਾ ਜਾਂ ਇਲੈਕਟ੍ਰੀਕਲ ਵਾਹਨਾਂ ਨੂੰ  ਚਾਰਜ ਕਰਨ ਲਈ ਜੋ ਸਟੇਸ਼ਨ ਬਣਾਏ ਗਏ ਹਨ, ਉਹਨਾਂ ‘ਤੇ ਵੀ ਬਿਜਲੀ ਦੇ ਰੇਟ ਘਟਾ ਦਿੱਤੇ ਗਏ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।