ਦਿੱਲੀ 'ਚ ਵੱਧ ਰਹੇ ਅਪਰਾਧ ਲਈ ਇਕ-ਦੂਜੇ ਨੂੰ ਦੋਸ਼ ਦੇਣਾ ਹੱਲ ਨਹੀਂ : ਕੇਜਰੀਵਾਲ
ਕਿਹਾ- ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਧ ਰਹੇ ਅਪਰਾਧਾਂ ਦੇ ਮੁੱਦੇ 'ਤੇ ਕੇਂਦਰ ਵਿਰੁਧ ਉਨ੍ਹਾਂ ਦਾ ਰਵੱਈਆ ਨਰਮ ਨਹੀਂ ਹੋਇਆ ਹੈ ਪਰ ਇਸ ਸਬੰਧੀ ਇਕ-ਦੂਜੇ ਨੂੰ ਦੋਸ਼ ਦੇਣਾ ਹੱਲ ਨਹੀਂ ਹੈ। ਮੁੱਖ ਮੰਤਰੀ ਨੇ ਇਕ ਆਵਾਸੀ ਕੰਪਲੈਕਸ ਵਿਚ ਸੀ. ਸੀ. ਟੀ. ਵੀ. ਕੈਮਰਾ ਲਾਏ ਜਾਣ ਦੇ ਉਦਘਾਟਨ ਲਈ ਕਰਵਾਏ ਇਕ ਪ੍ਰੋਗਰਾਮ ਤੋਂ ਬਾਅਦ ਕਿਹਾ, ''ਕਿਸ ਨੇ ਕਿਹਾ ਕਿ ਸਾਡਾ ਰਵੱਈਆ ਨਰਮ ਹੋ ਗਿਆ ਹੈ? ਅਸੀਂ ਕਈ ਵਾਰ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਦਿੱਲੀ 'ਚ ਕਾਨੂੰਨ ਵਿਵਸਥਾ ਦੀ ਖ਼ਰਾਬ ਹੁੰਦੀ ਸਥਿਤੀ ਦੇ ਮੱਦੇਨਜ਼ਰ ਸਖ਼ਤ ਕਦਮ ਚੱਕਣੇ ਚਾਹੀਦੇ ਹਨ।''
ਕੇਜਰੀਵਾਲ ਨੇ ਕਿਹਾ, ''ਸਾਡੀ ਸਰਕਾਰ ਉਨ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਅਸੀਂ ਉਹ ਕਰ ਰਹੇ ਹਾਂ, ਜੋ ਅਸੀਂ ਕਰ ਸਕਦੇ ਹਾਂ। ਇਕ-ਦੂਜੇ ਨੂੰ ਦੋਸ਼ ਦੇਣਾ ਜਾਂ ਇਕ-ਦੂਜੇ ਦੀ ਆਲੋਚਨਾ ਕਰਨਾ ਹੱਲ ਨਹੀਂ ਹੈ।'' ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਗ੍ਰਹਿ ਮੰਤਰਾਲੇ ਤਹਿਤ ਆਉਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਲਾ ਰਹੀ ਹੈ। ਸਾਡੇ ਅਧਿਕਾਰ ਖੇਤਰ 'ਚ ਆਉਣ ਵਾਲੀਆਂ ਸੜਕਾਂ 'ਤੇ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਵਿਵਸਥਾ ਸਬੰਧੀ ਕੇਂਦਰ ਨੂੰ ਹਰ ਪ੍ਰਕਾਰ ਦੀ ਮਦਦ ਮੁਹੱਈਆ ਕਰਾਉਣ ਲਈ ਤਿਆਰ ਹਨ ਪਰ ਕੇਂਦਰ ਨੂੰ ਅਪਣੇ ਤਹਿਤ ਆਉਣ ਵਾਲੇ ਮਾਮਲਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਖਾਸ ਕਰ ਕੇ ਔਰਤਾਂ ਵਿਰੁਧ ਅਪਰਾਧ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਸ਼ਹਿਰ ਵਿਚ ਕਰੀਬ 3 ਲੱਖ ਸੀ. ਸੀ. ਟੀ. ਵੀ. ਕੈਮਰੇ ਲਾ ਰਹੀ ਹੈ, ਜਿਸ ਨਾਲ ਅਪਰਾਧੀਆਂ ਨੂੰ ਫੜਨ 'ਚ ਮਦਦ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਕੈਮਰਿਆਂ ਤੋਂ ਦਿੱਲੀ ਪੁਲਿਸ ਨੂੰ ਅਹਿਮ ਸੁਰਾਗ਼ ਹਾਸਲ ਕਰਨ 'ਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ, ''ਮੈਂ 6 ਸਾਲਾ ਇਕ ਬਲਾਤਕਾਰ ਪੀੜਤਾ ਨੂੰ ਮਿਲਣ ਸਨਿਚਰਵਾਰ ਨੂੰ ਸਫ਼ਦਰਜੰਗ ਹਸਪਤਾਲ ਗਿਆ ਸੀ। ਇਸ ਮਾਮਲੇ ਦੇ ਦੋਸ਼ੀ ਨੂੰ ਸੀ. ਸੀ. ਟੀ. ਵੀ. ਫ਼ੁਟੇਜ ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿਚ ਫੜ ਲਿਆ ਗਿਆ ਸੀ।'' (ਪੀਟੀਆਈ)