ਏਅਰ ਇੰਡੀਆ ਦੀ ਉਡਾਨ 'ਚ ਸ਼ਰਾਬੀ ਨੇ ਮਹਿਲਾ ਦੀ ਸੀਟ 'ਤੇ ਕੀਤਾ ਪਿਸ਼ਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ। ਹੁਣ ਏਅਰ ਇੰਡੀਆ ਇੰਟਰਨੈਸ਼ਨਲ ਦੀ ਇਕ ਉਡਾਨ ਵਿਚ ਸ਼ਰਾਬ ਦੇ ਨਸ਼ੇ ....

Air India International Flight

ਨਵੀਂ ਦਿੱਲੀ : ਏਅਰ ਇੰਡੀਆ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ। ਹੁਣ ਏਅਰ ਇੰਡੀਆ ਇੰਟਰਨੈਸ਼ਨਲ ਦੀ ਇਕ ਉਡਾਨ ਵਿਚ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਏ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਇਕ ਮਹਿਲਾ ਦੀ ਸੀਟ 'ਤੇ ਪਿਸ਼ਾਬ ਕਰ ਦਿਤਾ। ਪੀੜਤ ਮਹਿਲਾ ਯਾਤਰੀ ਦੀ ਬੇਟੀ ਇੰਦਰਾਣੀ ਘੋਸ਼ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਘਟਨਾ ਸਬੰਧੀ ਟਵੀਟ ਕੀਤਾ।

ਇਸ ਤੋਂ ਬਾਅਦ ਹੁਣ ਸਿਵਲ ਐਵੀਏਸ਼ਨ ਮੰਤਰਾਲੇ ਨੇ ਇਸ ਸਬੰਧੀ ਏਅਰ ਇੰਡੀਆ ਤੋਂ ਰਿਪੋਰਟ ਤਲਬ ਕਰ ਲਈ ਹੈ। 

ਜਾਣਕਾਰੀ ਅਨੁਸਾਰ ਇਹ ਘਟਨਾ 30 ਅਗੱਸਤ ਦੀ ਦੱਸੀ ਜਾ ਰਹੀ ਹੈ, ਜੋ  ਏਅਰ ਇੰਡੀਆ ਦੀ ਏਆਈ-102 ਫਲਾਈਟ ਵਿਚ ਵਾਪਰੀ। ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਘੋਸ਼ ਨੇ ਟਵੀਟ 'ਤੇ ਕੇਂਦਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਏਅਰ ਇੰਡੀਆ ਨੂੰ ਟੈਗ ਕਰਦੇ ਹੋਏ ਲਿਖਿਆ ਕਿ 30 ਅਗੱਸਤ ਨੂੰ ਏਅਰ ਇੰਡੀਆ ਦਾ ਜਹਾਜ਼ ਏਆਈ-102 ਜੇਐਫਕੇ ਹਵਾਈ ਅੱਡੇ ਤੋਂ ਦਿੱਲੀ ਆ ਰਿਹਾ ਸੀ। 

ਉਸ ਨੇ ਦਸਿਆ ਕਿ ਇਸ ਦੌਰਾਨ ਸੀਟ ਨੰਬਰ 36ਡੀ 'ਤੇ ਇਕੱਲੀ ਯਾਤਰਾ ਕਰ ਰਹੀ ਮੇਰੀ ਮਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਨਸ਼ੇ ਵਿਚ ਟੱਲੀ ਹੋਏ ਇਕ ਵਿਅਕਤੀ ਨੇ ਰਾਤ ਦੇ ਖਾਣੇ ਬਾਅਦ ਉਨ੍ਹਾਂ ਦੀ ਸੀਟ 'ਤੇ ਆ ਕੇ ਪਿਸ਼ਾਬ ਕਰ ਦਿਤਾ। ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਦੋਸ਼ ਲਗਾਇਆ ਕਿ ਏਅਰ ਇੰਡੀਆ ਨੇ ਕਹਿਣ 'ਤੇ ਉਨ੍ਹਾਂ ਦੀ ਮਾਂ ਦੀ ਸੀਟ ਤਾਂ ਬਦਲ ਦਿਤੀ ਪਰ ਦੋਸ਼ੀ ਵਿਅਕਤੀ 'ਤੇ ਕੋਈ ਕਾਰਵਾਈ ਨਹੀਂ ਕੀਤੀ। 

ਇੰਦਰਾਣੀ ਘੋਸ਼ ਨੇ ਵਰਕਰ ਕਵਿਤਾ ਕ੍ਰਿਸ਼ਨਨ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਨਵੀਂ ਦਿੱਲੀ ਹਵਾਈ ਅੱਡੇ 'ਤੇ ਵੀਲ੍ਹ ਚੇਅਰ 'ਤੇ ਮੇਰੀ ਮਾਂ ਕਨੇਕਟਿੰਗ ਜਹਾਜ਼ ਦੀ ਉਡੀਕ ਕਰ ਰਹੀ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੋਸ਼ੀ ਯਾਤਰੀ ਨੂੰ ਅਰਾਮ ਨਾਲ ਨਿਕਲਦੇ ਦੇਖਿਆ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਏਅਰ ਇੰਡੀਆ ਨੂੰ ਨਿਰਦੇਸ਼ ਦਿਤੇ ਕਿ ਉਹ ਤਤਕਾਲ ਇਸ ਮਾਮਲੇ ਨੂੰ ਦੇਖੇ ਅਤੇ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਮਹਾਨਿਰਦੇਸ਼ਕ (ਡੀਜੀਸੀਏ) ਨੂੰ ਰਿਪੋਰਟ ਦੇਵੇ। 

ਸਿਨਹਾ ਨੇ ਘੋਸ਼ ਦੇ ਟਵੀਟ 'ਤੇ ਏਅਰ ਇੰਡੀਆ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ''ਏਅਰ ਇੰਡੀਆ ਤੁਰਤ ਇਸ ਮਾਮਲੇ ਨੂੰ ਦੇਖੇ ਅਤੇ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਮਹਾਨਿਰਦੇਸ਼ਕ ਨੂੰ ਰਿਪੋਰਟ ਦੇਵੇ।'' ਉਨ੍ਹਾਂ ਲਿਖਿਆ ਕਿ ''ਇਹ ਇਕ ਮੰਦਭਾਗੀ ਘਟਨਾ ਹੈ, ਜਿਸ ਵਿਚ ਤੁਹਾਡੀ ਮਾਂ ਨੂੰ ਇਸ ਤਰ੍ਹਾਂ ਦੇ ਖ਼ਰਾਬ ਅਨੁਭਵ ਵਿਚੋਂ ਨਿਕਲਣਾ ਪਿਆ।''