ਕਾਮਨਵੈਲਥ ਜੇਤੂ ਮਨਿਕਾ ਬੱਤਰਾ ਨੂੰ ਏਅਰ ਇੰਡੀਆ ਨੇ ਨਹੀਂ ਦਿਤਾ ਬੋਰਡਿੰਗ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੇਬਲ ਟੈਨਿਸ 'ਚ ਦੇਸ਼ ਲਈ ਸੋਨ ਤਮਗ਼ਾ ਜਿੱਤਣ ਵਾਲੀ ਮਨਿਕਾ ਬੱਤਰਾ ਨੂੰ ਐਨ ਮੌਕੇ 'ਤੇ ਏਅਰ ਇੰਡੀਆ ਨੇ ਮੈਲਬਰਨ ਲਿਜਾਣ ਤੋਂ ਇਨਕਾਰ ਕਰ ਦਿਤਾ ਹੈ..............

Manika Batra

ਨਵੀਂ ਦਿੱਲੀ : ਟੇਬਲ ਟੈਨਿਸ 'ਚ ਦੇਸ਼ ਲਈ ਸੋਨ ਤਮਗ਼ਾ ਜਿੱਤਣ ਵਾਲੀ ਮਨਿਕਾ ਬੱਤਰਾ ਨੂੰ ਐਨ ਮੌਕੇ 'ਤੇ ਏਅਰ ਇੰਡੀਆ ਨੇ ਮੈਲਬਰਨ ਲਿਜਾਣ ਤੋਂ ਇਨਕਾਰ ਕਰ ਦਿਤਾ ਹੈ। ਏਅਰ ਇੰਡੀਆ ਨੇ ਮਨਿਕਾ ਬੱਤਰਾ ਹੀ ਨਹੀਂ, ਸਗੋਂ ਉਨ੍ਹਾਂ ਨਾਲ ਮੈਲਬਰਨ ਜਾ ਰਹੇ 6 ਹੋਰ ਖਿਡਾਰੀਆਂ ਨੂੰ ਫ਼ਲਾਈਟ ਦਾ ਬੋਰਡਿੰਗ ਪਾਸ ਦੇਣ ਤੋਂ ਇਨਕਾਰ ਕਰ ਦਿਤਾ। ਇਸ ਇਨਕਾਰ ਦਾ ਕਾਰਨ ਇਕ ਵਾਰ ਮੁੜ ਫ਼ਲਾਈਟ ਦੀ ਓਵਰ ਬੁਕਿੰਗ ਬਣੀ ਹੈ। ਦਰਅਸਲ ਮਨਿਕਾ ਬੱਤਰਾ ਸਮੇਤ 17 ਹੋਰ ਖਿਡਾਰੀਆਂ ਨੂੰ ਟੀਟੀਟੀਐਫ਼ ਵਿਸ਼ਵ ਟੂਰ ਆਸਟ੍ਰੇਲੀਆ ਓਪਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਮੈਲਬਰਨ ਜਾਣਾ ਸੀ।

ਮੈਲਬਰਨ ਜਾਣ ਲਈ ਮਨਿਕਾ ਬੱਤਰਾ ਸਮੇਤ ਸੱਭ ਖਿਡਾਰੀਆਂ ਨੇ ਏਅਰ ਇੰਡੀਆ ਦੀ ਫ਼ਲਾਈਟ ਏਆਈ-308 'ਚ ਅਪਣੀ ਬੂਕਿੰਗ ਕਰਵਾਈ ਸੀ ਪਰ ਏਅਰਪੋਰਟ 'ਤੇ ਮੌਜੂਦ ਅਧਿਕਾਰੀਆਂ ਨੇ ਓਵਰ ਬੂਕਿੰਗ ਹੋਣ ਕਾਰਨ ਸਿਰਫ਼ 10 ਖਿਡਾਰੀਆਂ ਨੂੰ ਹੀ ਜਾਣ ਦੀ ਆਗਿਆ ਦਿਤੀ ਅਤੇ ਮੋਨਿਕਾ ਬੱਤਰਾ ਸਮੇਤ ਸੱਤ ਇੱਥੇ ਹੀ ਰਹਿ ਗਏ ਅਤੇ ਏਅਰਲਾਈਨ ਨੇ ਉਨ੍ਹਾਂ ਨੂੰ ਅਗਲੇ ਫ਼ਲਾਈਟ 'ਚ ਜਾਣ ਦਾ ਭਰੋਸਾ ਦਿਤਾ।

ਇਸ ਪੂਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਟੇਬਲ ਟੈਨਿਸ ਫ਼ੈਡਰੇਸ਼ਨ ਆਫ਼ ਇੰਡੀਆ ਨੇ ਇਸ ਸਬੰਧੀ ਨੋਟਿਸ ਲੈਂਦਿਆਂ ਖੇਡ ਮੰਤਰਾਲਾ ਅਤੇ ਸਿਵਲ ਐਵੀਏਸ਼ਨ ਮੰਤਰਾਲੇ ਨੂੰ ਇਸ ਸਬੰਧੀ ਜਾਣੂ ਕਰਵਾਇਆ। ਗੱਲ ਵਧਦੀ ਵੇਖ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਦੇਰ ਰਾਤ ਮੈਲਬਰਨ ਜਾਣ ਵਾਲੀ ਫ਼ਲਾਈਟ ਰਾਹੀਂ ਭੇਜਣ ਦਾ ਭਰੋਸਾ ਦਿਤਾ।   (ਏਜੰਸੀ)