ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਭਾਰਤ-ਚੀਨ ਰਿਸ਼ਤੇ ਨੁੰ ਦੁਨੀਆ ਲਈ ਦਸਿਆ 'ਬਹੁਤ ਮਹੱਤਵਪੂਰਨ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਦੋਵੇਂ ਧਿਰਾਂ ਲਈ ਇਕ 'ਸਮਝ ਜਾਂ ਸੰਤੁਲਨ' ਤਕ ਪਹੁੰਚਣਾ ਜ਼ਰੂਰੀ ਹੈ।

S Jaishankar

ਨਵੀਂ ਦਿੱਲੀ:  ਚੀਨ ਦੀ ਸਰਹੱਦ 'ਤੇ ਮੁੜ ਭੜਕਾਊ ਹਰਕਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਇਕ ਵਾਰ ਮੁੜ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਇਸੇ ਦਰਮਿਆਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਮਹੱਤਵਪੂਰਨ ਦਸਿਆ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਰਿਸ਼ਤੇ ਦੋਵਾਂ ਦੇਸ਼ਾਂ ਤੋਂ ਇਲਾਵਾ ਦੁਨੀਆ ਲਈ ਵੀ 'ਬਹੁਤ ਮਹੱਤਵਪੂਰਨ' ਹਨ। ਇਸ ਲਈ ਦੋਵੇਂ ਧਿਰਾਂ ਲਈ ਇਕ 'ਸਮਝ ਜਾਂ ਸੰਤੁਲਨ' ਤਕ ਪਹੁੰਚਣਾ ਜ਼ਰੂਰੀ ਹੈ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਸੰਵਾਦ ਸੈਸ਼ਨ ਵਿਚ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦੇ ਹਰ ਦੇਸ਼ ਦੀ ਤਰ੍ਹਾਂ ਭਾਰਤ ਵੀ ਚੀਨ ਦੀ ਤਰੱਕੀ ਤੋਂ ਜਾਣੂ ਹੈ ਪਰ ਭਾਰਤ ਦੀ ਤਰੱਕੀ ਵੀ ਇਕ ਗਲੋਬਲ ਕਹਾਣੀ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਟਿੱਪਣੀ ਡਿਜੀਟਲ ਪ੍ਰੋਗਰਾਮ ਵਿਚ ਚੀਨ ਦੇ ਉਭਾਰ, ਭਾਰਤ ਉੱਤੇ ਇਸ ਦੇ ਪ੍ਰਭਾਵ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਪੈ ਰਹੇ ਪ੍ਰਭਾਵ ਨਾਲ ਜੁੜੇ ਸਵਾਲਾਂ ਦੇ ਜਵਾਬ 'ਚ ਕੀਤੀ। ਉਨ੍ਹਾਂ ਦਾ ਇਸ਼ਾਰਾ ਪੂਰਬੀ ਲੱਦਾਖ ਵਿਚ ਭਾਰਤ ਤੇ ਚੀਨੀ ਫ਼ੌਜਾਂ ਵਿਚਾਲੇ ਪੈਦਾ ਹੋਏ ਸਰਹੱਦੀ ਵਿਵਾਦ ਦੇ ਪਿਛੋਕੜ ਵੱਲ ਸੀ। ਇਸ ਵਿਵਾਦ ਦਾ ਪਰਛਾਵਾ ਵਪਾਰ ਤੇ ਨਿਵੇਸ਼ ਸਮੇਤ ਸਾਰੇ ਸਬੰਧਾਂ 'ਤੇ ਪਿਆ ਹੈ।

ਆਪਣੀ ਕਿਤਾਬ ਦਾ ਹਵਾਲਾ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਦੁਨੀਆ ਦੇ ਹੋਰ ਦੇਸ਼ਾਂ ਵਾਂਗ ਅਸੀਂ ਵੀ ਚੀਨ ਦੀ ਤਰੱਕੀ ਤੋਂ ਜਾਣੂ ਹਾਂ। ਅਸੀਂ ਚੀਨ ਦੇ ਗੁਆਂਢੀ ਹਾਂ। ਸਪੱਸ਼ਟ ਹੈ ਕਿ ਜੇ ਤੁਸੀਂ ਗੁਆਂਢੀ ਹੋ, ਤਾਂ ਸਿੱਧੇ ਤੌਰ 'ਤੇ ਤੁਸੀਂ ਵੀ ਪ੍ਰਭਾਵਿਤ ਹੋਵੋਗੇ, ਜੋ ਮੈਂ ਇਸ ਕਿਤਾਬ ਵਿਚ ਕਿਹਾ ਹੈ। ਉਨ੍ਹਾਂ ਨੇ ਅਪਣੀ ਕਿਤਾਬ 'ਦ ਇੰਡੀਆ ਵੇਅ: ਸਟ੍ਰੀਟੇਜੀਜ ਫਾਰ ਅਨਸਟ੍ਰੇਨ ਵਰਲਡ' ਦਾ ਜ਼ਿਕਰ ਵੀ ਕੀਤਾ ਜੋ ਅਜੇ ਜਾਰੀ ਹੋਣੀ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਵੇਂ ਭਾਰਤ ਦੀ ਅੱਗੇ ਵਧਣ ਦਾ ਰਫ਼ਤਾਰ ਚੀਨ ਜਿੰਨੀ ਨਹੀਂ ਹੈ ਪਰ ਫਿਰ ਵੀ ਜੇ ਤੁਸੀਂ ਪਿਛਲੇ 30 ਸਾਲਾਂ 'ਤੇ ਝਾਤੀ ਮਾਰੋ ਤਾਂ ਭਾਰਤ ਦੀ ਤਰੱਕੀ ਵੀ ਇਕ ਗਲੋਬਲ ਕਹਾਣੀ ਹੈ। ਜੇਕਰ ਤੁਹਾਡੇ ਕੋਲ ਦੋ ਦੇਸ਼, ਦੋ ਸਮਾਜ ਜਿਨ੍ਹਾਂ ਦੀ ਆਬਾਦੀ ਅਰਬਾਂ 'ਚ, ਇਤਿਹਾਸ, ਸੱਭਿਆਚਾਰ ਹੈ ਤਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਵਿਚਕਾਰ ਕਿਸੇ ਕਿਸਮ ਦੀ ਸਮਝ ਜਾਂ ਸੰਤੁਲਨ ਹੋਣਾ ਵੀ ਜ਼ਰੂਰੀ ਹੈ।