ਵਿਵੇਕ ਤਿਵਾੜੀ ਕਤਲ ਮਾਮਲੇ 'ਚ 13 ਭਾਜਪਾ ਵਿਧਾਇਕਾਂ ਨੇ ਯੋਗੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਦੀ ਗੋਲੀ ਨਾਲ ਹੋਈ ਵਿਵੇਕ ਤਿਵਾੜੀ ਦੀ ਮੌਤ ਦੀ ਘਟਨਾ 'ਤੇ ਰਾਜ ਸਰਕਾਰ ਦਾ ਮਜ਼ਾਕ

Kalraj Mishar

ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਸ਼ੁਕਰਵਾਰ ਰਾਤ ਪੁਲਿਸ ਦੀ ਗੋਲੀ ਨਾਲ ਹੋਈ ਵਿਵੇਕ ਤਿਵਾੜੀ ਦੀ ਮੌਤ ਦੀ ਘਟਨਾ 'ਤੇ ਰਾਜ ਸਰਕਾਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਪੁਲਿਸ ਦੀ ਇਸ ਲਾਪਰਵਾਹੀ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਹ ਸਵਾਲ ਸਿਰਫ ਵਿਰੋਧੀ ਦਲ ਹੀ ਨਹੀਂ ਸਗੋਂ ਬੀਜੇਪੀ ਦੇ ਨੇਤਾ ਵੀ ਚੁੱਕ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਯੂਪੀ ਦੇ ਵੱਡੇ ਨੇਤਾ ਕਲਰਾਜ ਮਿਸ਼ਰ ਨੇ ਵੀ ਇਸ ਮਸਲੇ ਤੇ ਸਵਾਲ ਚੁੱਕੇ ਹਨ। ਉਨਾਂ ਕਿਹਾ ਕਿ ਜਿਸ ਤਰਾਂ ਵਿਵੇਕ ਤਿਵਾੜੀ ਦਾ ਕਤਲ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ।

ਇਹ ਪੁਲਿਸ ਵਿਭਾਗ ਤੇ ਇੱਕ ਧੱਬੇ ਦੀ ਤਰਾਂ ਹੈ। ਗੋਲੀ ਚਲਾ ਕੇ ਕਿਸੇ ਨੂੰ ਮਾਰ ਦੇਣਾ ਕਿਸ ਤਰਾਂ ਦਾ ਅਧਿਕਾਰ ਹੈ? ਸੂਤਰਾਂ ਅਨੁਸਾਰ ਕੁਲਰਾਜ ਮਿਸ਼ਰ ਤੋਂ ਇਲਾਵਾ ਬੀਜੇਪੀ ਦੇ 13 ਹੋਰਨਾਂ ਵਿਧਾਇਕਾਂ ਨੇ ਵੀ ਇਸ ਘਟਨਾ ਤੇ ਪੁਲਿਸ ਦੀ ਕਾਰਵਾਈ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਤੇ ਨਾਲ ਹੀ ਇਸ ਸਬੰਧ ਵਿਚ ਮੁਖਮੰਤਰੀ ਯੋਗੀ ਆਦਿਤਆਨਾਥ ਨੂੰ ਚਿੱਠੀ ਵੀ ਲਿਖੀ ਹੈ। ਉਥੇ ਹੀ ਦੇਵਰੀਆ ਦੇ ਸਾਂਸਦ ਕਲਰਾਜ ਮਿਸ਼ਰ ਨੇ ਕਿਹਾ ਕਿ ਜੇਕਰ ਉਨਾਂ ਨੂੰ ਲਗਾ ਸੀ ਕਿ ਕੋਈ ਗੱਲ ਹੈ ਤਾਂ ਸਿਰਫ ਟਾਇਰ ਪੰਚਰ ਕਰ ਦਿੰਦੇ ਜਾਂ ਅਗਲੇ ਕਿਸੇ ਨਾਕੇ ਨੂੰ ਖ਼ਬਰ ਕਰ ਦਿੰਦੇ।

ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਹੈ ਉਸਤੋਂ ਸਾਫ ਪਤਾ ਲਗਦਾ ਹੈ ਕਿ ਪੁਲਿਸ ਦੇ ਅੰਦਰ ਜ਼ੁਰਮ ਕਰਨ ਦੀ ਪ੍ਰਵਿਰਤੀ ਵਾਲੇ ਲੋਕ ਮੌਜੂਦ ਹਨ, ਜਿਨਾਂ ਨੂੰ ਨਿਯੰਤਰਣ ਕੀਤੇ ਜਾਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਨੇ ਪੂਰੀ ਸਰਕਾਰ ਨੂੰ ਕੰਲਕਿਤ ਕੀਤਾ ਹੈ। ਇਸ ਪੂਰੀ ਘਟਨਾ ਤੋਂ ਬਾਅਦ ਰਾਜ ਦੇ ਕਈ ਭਾਜਪਾ ਵਿਧਾਇਕਾਂ ਅਤੇ ਮੰਤਰੀ ਨੇ ਯੂਪੀ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਹਨ।

ਹਰਦੋਈ ਵਿਧਾਇਕ ਰਜਨੀ ਤਿਵਾੜੀ, ਬਰੇਲੀ ਦੇ ਵਿਧਾਇਕ ਰਾਜੇਸ਼ ਕੁਮਾਰ ਮਿਸ਼ਰ ਅਤੇ ਲਖਨਊ ਦੇ ਵਿਧਾਇਕ ਅਤੇ ਯੋਗੀ ਸਰਕਾਰ ਵਿਚ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਚਿੱਠੀ ਲਿਖ ਕੇ ਪੁਲਿਸ ਨੂੰ ਘੇਰੇ ਵਿਚ ਲਿਆ ਹੈ। ਦਸਣਯੋਗ ਹੈ ਕਿ ਸ਼ੁਕਰਵਾਰ ਨੂੰ ਲਖਨਊ ਦੇ ਗੋਮਤੀ ਨਗਰ ਇਲਾਕੇ ਵਿਚ ਗੱਡੀ ਨਾਂ ਰੋਕਣ ਤੇ ਇਕ ਸਿਪਾਹੀ ਨੇ ਐਪਲ ਕੰਪਨੀ ਦੇ ਮੈਨੇਜਰ ਵਿਵੇਕ ਤਿਵਾੜੀ ਦੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਇਸ ਮਾਮਲੇ ਵਿਚ ਦੋਹਾਂ ਪੁਲਿਸ ਵਾਲਿਆਂ ਨੂੰ ਜੇਲ ਭੇਜ ਦਿਤਾ ਗਿਆ ਹੈ ਤੇ ਨਾਲ ਹੀ ਉਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ।