96 ਸਾਲ ਦੀ ਉਮਰ 'ਚ ਦਿੱਤੀ ਪਰੀਖਿਆ, ਮਿਲੇ 100 ਚੋਂ 98 ਨੰਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਤਿਆਨੀ ਨੇ ਕੇਰਲ ਸਰਕਾਰ ਵੱਲੋਂ ਚਲਾਏ ਜਾ ਅਕਸ਼ਰਲਕਸ਼ਮ ( ਵਰਣਮਾਲਾ ) ਸਾਖਰਤਾ ਮਿਸ਼ਨ ਦੀ ਪਰੀਖਿਆ ਵਿਚ 100 ਚੋਂ 98 ਨੰਬਰ ਹਾਸਲ ਕੀਤੇ।

Kartiyaani Amma

ਕੇਰਲ , ( ਭਾਸ਼ਾ ) :  ਕੇਰਲ ਦੀ 96 ਸਾਲ ਦੀ ਕਾਰਤਿਆਨੀ ਅੰਮਾ ਨੇ ਸਾਬਤ ਕਰ ਦਿਤਾ ਹੈ ਕਿ ਹਿੰਮਤ ਅਤੇ ਦ੍ਰਿੜਤਾ ਨਾਲ ਕਿਸੇ ਵੀ ਉਮਰ ਵਿਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕਾਰਤਿਆਨੀ ਨੇ ਕੇਰਲ ਸਰਕਾਰ ਵੱਲੋਂ ਚਲਾਏ ਜਾ ਅਕਸ਼ਰਲਕਸ਼ਮ ( ਵਰਣਮਾਲਾ ) ਸਾਖਰਤਾ ਮਿਸ਼ਨ ਦੀ ਪਰੀਖਿਆ ਵਿਚ 100 ਚੋਂ 98 ਨੰਬਰ ਹਾਸਲ ਕੀਤੇ। ਮੁਖ ਮੰਤਰੀ ਕਾਨਫਰੰਸ ਹਾਲ ਵਿਚ ਮੁਖ ਮੰਤਰੀ ਪਿਨਾਰਾਈ ਵਿਜਯਨ ਉਨ੍ਹਾਂ ਨੂੰ ਯੋਗਤਾ ਪ੍ਰਮਾਣਪੱਤਰ ਨਾਲ ਸਨਮਾਨਿਤ ਕਰਨਗੇ। ਉਹ ਇਸ ਪਰੀਖਿਆ ਵਿਚ ਹਿੱਸਾ ਲੈਣ ਵਾਲੀ ਸੱਭ ਤੋਂ ਬਜ਼ੁਰਗ ਔਰਤ ਸੀ।

ਇਸ ਪਰੀਖਿਆ ਵਿਚ ਲਗਭਗ 43 ਹਜ਼ਾਰ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇਸ ਮਿਸ਼ਨ ਵਿਚ ਲਿਖਣ, ਪੜਨ ਅਤੇ ਗਣਿਤ ਦੇ ਹੁਨਰ ਨੂੰ ਮਾਪਿਆ ਜਾਂਦਾ ਹੈ। ਅੰਮਾ ਚੌਥੀ ਦੀ ਪਰੀਖਿਆ ਦੇ ਰਹੀ ਸੀ। ਦੱਸ ਦਈਏ ਕਿ ਇਹ ਪਰੀਖਿਆ ਇਸੇ ਸਾਲ ਅਗਸਤ ਵਿਚ ਹੋਈ ਸੀ। ਲਗਭਗ 42,933 ਲੋਕਾਂ ਨੇ ਪੰਜ ਪੱਧਰਾਂ ਤੇ ਚੌਥੀ, ਸੱਤਵੀਂ, ਦਸਵੀਂ ਅਤ ਬਾਹਰਵੀਂ ਵਿਚ ਆਯੋਜਿਤ ਪਰੀਖਿਆ ਪਾਸ ਕੀਤੀ। ਜਾਣਕਾਰੀ ਮੁਤਾਬਕ ਅੰਮਾ ਇਸ ਤੋਂ ਪਹਿਲਾਂ ਵੀ ਕਈ ਪਰੀਖਿਆਵਾਂ ਦੇ ਚੁੱਕੀ ਹੈ। ਕਾਰਤਿਆਨੀ ਅੰਮਾ ਬਾਰੇ ਕਿਹਾ ਜਾਂਦਾ ਹੈ ਕਿ

ਉਹ 100 ਸਾਲ ਦੀ ਉਮਰ ਤੋਂ ਪਹਿਲਾਂ 10 ਵੀ ਪਰੀਖਿਆ ਪਾਸ ਕਰਨਾ ਚਾਹੁੰਦੀ ਹੈ। ਕੁਝ ਮਹੀਨੇ ਪਹਿਲਾਂ ਹੀ ਅਕਸ਼ਰਲਕਸ਼ਮ ਮਿਸ਼ਨ ਅਧੀਨ ਇਕ ਹੋਰ ਪਰੀਖਿਆ ਵਿਚ ਅੰਮਾ ਨੇ ਪੂਰੇ ਨੰਬਰ ਹਾਸਲ ਕੀਤੇ ਸਨ। ਸੋਸ਼ਲ ਮੀਡੀਆ ਤੇ ਕਾਰਤਿਆਨੀ ਅੰਮਾ ਦੀ ਬਹੁਤ ਤਾਰੀਫ ਹੋ ਰਹੀ ਹੈ। ਮਹਿੰਦਰ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ।

ਜ਼ਿਕਰਯੋਗ ਹੈ ਕਿ ਕੇਰਲ ਨੂੰ 18 ਅਪ੍ਰੈਲ 1991 ਵਿਚ ਪੂਰੀ ਤਰਾਂ ਸਾਖਰ ਰਾਜ ਐਲਾਨਿਆ ਗਿਆ ਸੀ। ਜਿਸਦਾ ਮਤਲਬ ਹੈ ਕਿ ਇਥੇ 90 ਫੀਸਦੀ ਸਾਖਰਤਾ ਦਰ ਹੈ। ਹਾਲਾਂਕਿ ਸਾਲ 2011 ਦੀ ਮਰਦਮਸ਼ੁਮਾਰੀ ਵਿਚ ਪਤਾ ਲਗਾ ਸੀ ਕਿ ਲਗਭਗ 18 ਲੱਖ ਲੋਕ ਇਥੇ ਅਸਿੱਖਿਅਤ ਸੀ ਜਿਸ ਕਾਰਨ ਰਾਜ ਸਰਕਾਰ ਨੇ ਅਕਸ਼ਰਲਕਸ਼ਮ ਪ੍ਰੋਗਰਾਮ ਇਸ ਸਾਲ 26 ਜਨਵਰੀ ਨੂੰ ਲਾਂਚ ਕੀਤਾ।