ਕਿਸਾਨ ਹੀ ਨਹੀਂ, ਆਮ ਜਨਤਾ ਵੀ ਹੈ ਪ੍ਰਦੂਸ਼ਣ ਦੀ ਜਿਮ੍ਹੇਵਾਰ : ਟੇਰੀ ਸੰਸਥਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰ ਅਸਲੀਅਤ ਕੁਝ ਹੋਰ ਹੀ ਹੈ। ਕਿਉਂਕਿ ਪਰਾਲੀ ਜਲਾਉਣ ਅਤੇ ਨਿਜੀ ਵਾਹਨਾਂ ਤੋਂ ਇਲਾਵਾ ਵੀ ਅਜਿਹੇ ਕਈ ਸਾਰੇ ਤੱਥ ਹਨ ਜੋ ਪ੍ਰਦੂਸ਼ਣ ਨੂੰ ਪ੍ਰਭਾਵਿਤ ਕਰਦੇ ਹਨ।

TERI

ਨਵੀਂ ਦਿੱਲੀ , ( ਭਾਸ਼ਾ ) : ਅੱਜ ਤੋਂ ਲੈ ਕੇ 10 ਨਵੰਬਰ ਤੱਕ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੇ ਵਾਧੇ ਅਤੇ ਇਸ ਤੋਂ ਆਮ ਲੋਕਾਂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਧਿਆਨ ਹਿੱਤ ਰੱਖਦੇ ਹੋਏ ਦਿੱਲੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਦਿੱਲੀ ਵਿਚ 18 ਥਾਵਾਂ ਤੇ ਪ੍ਰਦੂਸ਼ਣ ਜਾਨਲੇਵਾ ਪੱਧਰ ਤੇ ਪਹੁੰਚ ਚੁੱਕਾ ਹੈ। ਪੁਰਾਣੇ ਵਾਹਨਾਂ ਅਤੇ ਉਸਾਰੀ ਵਾਲੇ ਕੰਮਾਂ ਤੇ ਰੋਕ ਲਗਾਉਣ ਦੇ ਨਾਲ ਹੀ ਅੱਜ ਤੋਂ ਗ੍ਰੇਡੇਡੇ ਰਿਸਪਾਂਸ ਐਕਸ਼ਨ ਪਲਾਨ ਲਾਗੂ ਕਰ ਦਿਤਾ ਗਿਆ ਹੈ। ਇਸ ਨਾਲ ਦਿੱਲੀ ਅਤੇ ਐਨਸੀਆਰ ਵਿਚ ਕਿਸੇ ਵੇਲੇ ਵੀ ਨਿਜੀ ਵਾਹਨਾਂ ਤੇ ਪਾਬੰਦੀ ਲਾਗੂ ਹੋ ਸਕਦੀ ਹੈ।

ਦਿੱਲੀ ਦੇ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਤੇ ਪ੍ਰਮੁਖ ਕਾਰਨਾਂ ਵਿਚ ਨੇੜਲੇ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ ਅਤੇ ਉਤਰ ਪ੍ਰਦੇਸ਼ ਵਿਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪਰਾਲੀ ਜਲਾਉਣ ਨੂੰ ਸੱਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਦਿੱਲੀ ਸਮੇਤੇ ਨੇੜਲੇ ਰਾਜਾਂ ਵਿਚ ਕਿਸਾਨਾਂ ਨੂੰ ਪਰਾਲੀ ਜਲਾਉਣ ਤੋਂ ਰੋਕਣ ਲਈ ਇਸ ਵਾਰ 1200 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਵੀ ਕੀਤਾ ਗਿਆ ਸੀ। ਪਰ ਅਸਲੀਅਤ ਕੁਝ ਹੋਰ ਹੀ ਹੈ। ਕਿਉਂਕਿ ਪਰਾਲੀ ਜਲਾਉਣ ਅਤੇ  ਨਿਜੀ ਵਾਹਨਾਂ ਤੋਂ ਇਲਾਵਾ ਵੀ ਅਜਿਹੇ ਕਈ ਸਾਰੇ ਤੱਥ ਹਨ ਜੋ ਪ੍ਰਦੂਸ਼ਣ ਨੂੰ ਪ੍ਰਭਾਵਿਤ ਕਰਦੇ ਹਨ।

ਟੇਰੀ ਸੰਸਥਾ ( ਦਿ ਅਨਰਜੀ ਐਂਡ ਰਿਸੋਰਸਜ਼ ਇੰਸਟੀਟਿਊਟ) ਵੱਲੋਂ ਜਾਰੀ ਇਕ ਅਧਿਐਨ ਤੋਂ ਪਤਾ ਲਗਾ ਹੈ ਕਿ ਦਿੱਲੀ ਵਿਚ ਹੋਣ ਵਾਲੇ 36 ਫੀਸਦੀ ਪ੍ਰਦੂਸ਼ਣ ਦਾ ਕਾਰਨ ਦਿੱਲੀ ਵਾਸੀ ਖੁਦ ਹਨ ਅਤੇ ਇਸ ਤੋਂ ਬਾਅਦ 34 ਫੀਸਦੀ ਪ੍ਰਦੂਸ਼ਣ ਐਨਸੀਆਰ ਦੇ ਸ਼ਹਿਰਾਂ ਤੋਂ ਫੈਲਦਾ ਹੈ। ਬਾਕੀ ਦਾ 30 ਫੀਸਦੀ ਐਨਸੀਆਰ ਦੇ ਨੇੜਲੇ ਇਲਾਕਿਆਂ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਤੋਂ ਆਉਂਦਾ ਹੈ। ਟੇਰੀ ਵੱਲੋਂ ਇਹ ਅਧਿਐਨ 2016 ਵਿਚ ਕੀਤਾ ਸੀ ਜਿਸ ਨੂੰ ਇਸ ਸਾਲ ਅਗਸਤ ਮਹੀਨੇ ਵਿਚ ਜਾਰੀ ਕੀਤਾ ਗਿਆ ਹੈ।

ਟੇਰੀ ਦਾ ਕਹਿਣਾ ਹੈ ਕਿ ਅਧਿਅਨ ਵਿਚ ਜਦ ਪੀਐਮ 2.5 ਦਾ ਮੁਲਾਂਕਣ ਕੀਤਾ ਗਿਆ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਪ੍ਰਦੂਸ਼ਣ ਰੋਕਣ ਲਈ ਸੱਭ ਤੋਂ ਪਹਿਲਾ ਨਿਜੀ ਕਾਰਾਂ ਤੇ ਪਾਬੰਦੀ ਲਗਾਈ ਜਾਂਦੀ ਹੈ ਜਦਕਿ ਹਕੀਕਕ ਇਹ ਹੈ ਕਿ ਪ੍ਰਦੂਸ਼ਣ ਵਿਚ ਸੱਭ ਤੋਂ ਘੱਟ ਸਿਰਫ 3 ਫੀਸਦੀ ਯੋਗਦਾਨ ਕਾਰਾਂ ਦਾ ਹੁੰਦਾ ਹੈ। ਹਲਕੇ ਵਪਾਰਕ ਵਾਹਨਾਂ ਦਾ ਯੋਗਦਾਨ ਸਿਰਫ ਇਕ ਫੀਸਦੀ ਹੁੰਦਾ ਹੈ।

ਕਾਰ ਦੇ ਮੁਕਾਬਲਤਨ ਦੋ ਪਹੀਆ ਵਾਹਨ ਦੋਗੁਣਾ ਤੋਂ ਵੱਧ ਕੁੱਲ 7 ਫੀਸਦੀ ਤੱਕ ਪ੍ਰਦੂਸ਼ਣ ਪੈਦਾ ਕਰਦੇ ਹਨ। ਸਾਰੇ ਤਰਾਂ ਦੇ ਵਾਹਨਾਂ ਤੋਂ ਹੋਣ ਵਾਲਾ ਪ੍ਰਦੂਸ਼ਣ ਕੁੱਲ 28 ਫੀਸਦ ਹੈ। 9 ਫੀਸਦੀ ਪ੍ਰਦੂਸ਼ਣ ਟਰੱਕਾਂ ਅਤੇ ਟਰੈਕਟਰਾਂ ਵਰਗੇ ਭਾਰੀ ਵਾਹਨਾਂ ਕਾਰਣ ਹੁੰਦਾ ਹੈ, ਜਦਕਿ ਤਿੰਨ ਪਹੀਆ ਵਾਹਨਾਂ ਦਾ ਯੋਗਦਾਨ 5 ਫੀਸਦੀ ਅਤੇ ਬੱਸਾਂ ਨਾਲ 3 ਫੀਸਦੀ ਪ੍ਰਦੂਸ਼ਣ ਹੋ ਰਿਹਾ ਹੈ।