ਸੁਪਰੀਮ ਕੋਰਟ ਵੱਲੋਂ ਦਿਤੇ ਚੜਾਵਾ ਨਾ ਲੈਣ ਦੇ ਸੁਝਾਅ 'ਤੇ ਪੂਜਾਰੀ ਨੇ ਮੰਗੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਦਾ ਇਹ ਕਹਿਣਾ ਹੈ ਕਿ ਸੇਵਾਦਾਰ ਦਾਨ ਦੇਣ ਵਾਲਿਆਂ ਤੋਂ ਮਿਲਣ ਵਾਲੇ ਪੈਸੇ ਤੋਂ ਬਚਣ।

Jagannath Temple, Puri

ਓਡੀਸ਼ਾ, ( ਪੀਟੀਆਈ ) : ਓਡੀਸ਼ਾ ਦੇ ਜਗਨਨਾਥ ਮੰਦਰ ਦੇ ਪੁਜਾਰੀ ਨੇ ਸੁਪਰੀਮ ਕੋਰਟ ਦੇ ਮੁਖ ਜੱਜ ਨੂੰ ਚਿੱਠੀ ਲਿਖ ਕੇ ਖੁਦ ਦੀ ਜਿੰਦਗੀ ਨੂੰ ਖਤਮ ਕਰਨ ਦੀ ਇਜਾਜ਼ਤ ਮੰਗੀ ਹੈ। ਪੂਰੀ ਸਥਿਤ ਮੰਦਰ ਦੇ ਪੁਜਾਰੀ ਨੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਲਗਭਗ ਚਾਰ ਮਹੀਨਿਆਂ ਬਾਅਦ ਇਹ ਚਿੱਠੀ ਲਿਖੀ ਹੈ, ਜਿਸ ਵਿਚ ਸ਼ਰਧਾਲੂਆਂ ਨੂੰ ਜ਼ਬਰਦਸਤੀਂ ਚੜਾਵੇ ਦੇ ਲਈ ਮਜਬੂਰ ਨਾ ਕਰਨ ਦੀ ਸਲਾਹ ਦਿਤੀ ਗਈ ਸੀ। ਅਦਾਲਤ ਨੇ ਕਿਹਾ ਸੀ ਕਿ ਸੱਭ ਤੋਂ ਜ਼ਰੂਰੀ ਇਹ ਹੈ ਕਿ ਸਾਰੇ ਭਗਤ ਬਿਨਾਂ ਕਿਸੇ ਪਰੇਸ਼ਾਨੀ ਦੇ ਮੰਦਰ ਦੇ ਦਰਸ਼ਨ ਕਰ ਸਕਣ

ਅਤੇ ਉਨ੍ਹਾਂ ਵੱਲੋਂ ਦਿਤੇ ਗਏ ਚੜਾਵੇ ਦੀ ਦੁਰਵਰਤੋਂ ਨਾ ਹੋਵੇ। ਇਸ ਤੇ ਮੰਦਰ ਦੇ ਸੇਵਾਦਾਰ ਨਰਸਿਨਹਾ ਪੂਜਾਪਾਂਡਾ ਨੇ ਦੱਸਿਆ ਕਿ ਭਗਤਾਂ ਤੋਂ ਮਿਲਣ ਵਾਲਾ ਦਾਨ ਅਤੇ ਤੋਹਫੇ ਹੀ ਮੰਦਰ ਲਈ ਇਕਲੌਤੀ ਆਮਦਨੀ ਦਾ ਸਾਧਨ ਹਨ। ਪੂਜਾਪਾਂਡਾ ਨੇ 31 ਅਕਤੂਬਰ 2018 ਨੂੰ ਦਾਖਲ ਕੀਤੀ ਅਪਣੀ ਪਟੀਸ਼ਨ ਵਿਚ ਕਿਹਾ ਕਿ ਅਸੀਂ  ਉਨ੍ਹਾਂ ਤੋਂ ਦਾਨ ਮੰਗਦੇ ਹਾਂ ਅਤੇ ਇਹ ਪਿਛਲੇ ਲਗਭਗ ਇਕ ਹਜ਼ਾਰ ਸਾਲਾਂ ਤੋਂ ਚਲਦਾ ਆ ਰਿਹਾ ਹੈ। ਹੁਣ ਸਰਕਾਰ ਅਤੇ ਅਦਾਲਤ ਸਾਡੀ ਆਮਦਨੀ ਦੇ ਇਕਲੌਤੇ ਸਾਧਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਸੀਂ ਬਿਨਾਂ ਆਮਦਨੀ ਦੇ ਕਿਵੇਂ ਜਿਉਂਦੇ ਰਹਾਂਗੇ? ਪੂਜਾਪਾਂਡਾ ਨੇ ਅੱਗੇ ਕਿਹਾ ਕਿ ਹੁਣ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਦਾ ਇਹ ਕਹਿਣਾ ਹੈ ਕਿ ਸੇਵਾਦਾਰ ਦਾਨ ਦੇਣ ਵਾਲਿਆਂ ਤੋਂ ਮਿਲਣ ਵਾਲੇ ਪੈਸੇ ਤੋਂ ਬਚਣ। ਜਿੰਦਗੀ ਦਾ ਗੁਜ਼ਾਰਾ ਕਰਨ ਲਈ ਇਹ ਲਗਭਗ ਨਾਮੁਮਕਿਨ ਜਿਹਾ ਲਗਦਾ ਹੈ। ਮੈਂ ਓਡੀਸ਼ਾ ਸਰਕਾਰ ਨੂੰ ਸੰਪਰਕ ਕੀਤਾ ਹੈ ਅਤੇ ਕਿਹਾ ਹੈ ਕਿ ਮੈਨੂੰ ਇੱਛਕ ਮੌਤ ਦਿਤੀ ਜਾਵੇ, ਪਰ ਉਨ੍ਹਾਂ ਨੇ ਇਨਕਾਰ ਕਰ ਦਿਤਾ। ਪੂਜਾਪਾਂਡਾ ਨੇ ਕਿਹਾ ਕਿ ਭੁੱਖ ਨਾਲ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਨਸਾਨ ਇਕ ਵਾਰ ਵਿਚ ਹੀ ਮਰ ਜਾਵੇ। ਦੱਸ ਦਈਏ ਕਿ

ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਮਹੀਨੇ ਵਿਚ ਪੂਜਾਪਾਂਡਾ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧਿਕਾਰੀਆਂ ਨੂੰ ਰਤਨ ਭੰਡਾਰ ਜਾਂ ਮੰਦਰ ਦੇ ਖਜ਼ਾਨੇ ਵਿਚ ਦਾਖਲ ਹੋਣ ਦਾ ਵਿਰੋਧ ਕਰਦੇ ਹੋਏ ਧਮਕੀ ਦਿਤੀ ਸੀ। ਏਐਸਆਈ ਨੇ ਪਹਿਲਾਂ ਰਤਨ ਭੰਡਾਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਓਡੀਸ਼ਾ ਹਾਈ ਕੋਰਟ ਤੋਂ ਆਗਿਆ ਲਈ ਸੀ। ਜਿੱਥੇ ਭਗਵਾਨ ਜਗਨਨਾਥ ਅਤੇ ਹੋਰਨਾਂ ਲੋਕਾਂ ਦੇ ਰਤਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਅਦਾਲਤ ਦੇ ਹੁਕਮ ਤੋਂ ਬਾਅਦ ਮੰਦਰ ਦੇ ਪੁਜਾਰੀਆਂ ਅਤੇ ਰਾਜ ਸਰਕਾਰ ਵਿਚਕਾਰ ਮਤਭੇਦ ਦੇ ਹਾਲਾਤ ਪੈਦਾ ਹੋ ਗਏ ਸਨ।