ਧੋਨੀ ਪ੍ਰਸੰਸਕਾਂ ਲਈ ਆਈ ਚੰਗੀ ਖ਼ਬਰ, ਆਈ.ਪੀ.ਐਲ ਮੈਚ ਖੇਡਦੇ ਰਹਿਣ ਦਾ ਐਲਾਨ
ਧੋਨੀ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲੈ ਚੁੱਕੇ ਹਨ ਸੰਨਿਆਸ
ਅਬੂਧਾਬੀ : ਮਹਿੰਦਰ ਸਿੰਘ ਧੋਨੀ ਅਗਲੇ ਸਾਲ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਚੇਨਈ ਸੁਪਰ ਕਿੰਗਜ਼ ਐਤਵਾਰ ਨੂੰ ਮੌਜੂਦਾ ਸੀਜ਼ਨ ਵਿਚ ਜਦੋਂ ਅਪਣਾ ਆਖ਼ਰੀ ਲੀਗ ਮੈਚ ਖੇਡਣ ਲਈ ਉਤਰਿਆ ਤਾਂ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਸਪੱਸ਼ਟ ਕੀਤਾ ਕਿ ਇਹ ਉਨ੍ਹਾਂ ਦਾ ਇਸ ਫਰੈਂਚਾਇਜੀ ਵਲੋਂ ਆਖ਼ਰੀ ਮੈਚ ਨਹੀਂ ਹੈ।
ਧੋਨੀ ਨੇ ਇਹ ਬਿਆਨ ਦੇ ਕੇ ਟਾਸ ਨੂੰ ਅਪਣੇ ਅਣਗਿਣਤ ਸਮਰਥਕਾਂ ਲਈ ਯਾਦਗਾਰ ਬਣਾ ਦਿਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਸਾਲ ਵੀ ਚੇਨਈ ਦੀ ਅਗਵਾਈ ਕਰਣਗੇ।
ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਡੈਨੀ ਮਾਰੀਸਨ ਨੇ ਜਦੋਂ ਧੋਨੀ ਤੋਂ ਪੁਛਿਆ ਕਿ, ਕੀ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਚੇਨਈ ਵਲੋਂ ਉਨ੍ਹਾਂ ਦਾ ਆਖ਼ਰੀ ਮੈਚ ਹੈ, ਉਨ੍ਹਾਂ ਕਿਹਾ, 'ਨਿਸ਼ਚਿਤ ਤੌਰ 'ਤੇ ਨਹੀਂ।'
ਉਨ੍ਹਾਂ ਦੇ ਇਸ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਵੀ ਪ੍ਰਤੀਕਿਰਿਆਵਾਂ ਆਉਣ ਲਗੀਆਂ। ਧੋਨੀ ਨੇ ਕੋਵਿਡ-19 ਕਾਰਨ ਆਸਟਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ20 ਵਿਸ਼ਵ ਕੱਪ ਮੁਲਤਵੀ ਹੋਣ ਦੇ ਬਾਅਦ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿਤੀ ਸੀ ਪਰ ਉਨ੍ਹਾਂ ਦੀ ਘੱਟ ਤੋਂ ਘੱਟ 2 ਸਾਲ ਤਕ ਆਈ.ਪੀ.ਐਲ. ਵਿਚ ਖੇਡਣ ਦੀ ਸੰਭਾਵਨਾ ਸੀ।