ਮੋਰਚਾ ਖ਼ਤਮ ਹੋਣ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਰਾਕੇਸ਼ ਟਿਕੈਤ ਦਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਸੰਯੁਕਤ ਕਿਸਾਨ ਮੋਰਚਾ ਕਦੇ ਨਹੀਂ ਟੁੱਟੇਗਾ, ਹੁਣ ਫਾਈਨਲ ਮੈਚ ਆਰ-ਪਾਰ ਦਾ ਹੋਵੇਗਾ, MSP ਤਾਂ ਹਿੱਕ ਠੋਕ ਕੇ ਲਵਾਂਗੇ'

Rakesh Tikait

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦੋ ਦਿਨ ਤੋਂ ਇਕ ਅਫ਼ਵਾਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿ ਸਰਕਾਰ ਨੇ ਕਿਸਾਨਾਂ ਦੀਆਂ ਗੱਲਾਂ ਮੰਨ ਲਈਆਂ ਨੇ ਤੇ ਕਿਸਾਨ ਹੁਣ ਘਰ ਜਾਣ ਦੀ ਤਿਆਰੀ ਕਰ ਰਹੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕੋਈ ਕਿਸਾਨ ਘਰ ਨਹੀਂ ਜਾ ਰਿਹਾ ਹੈ, ਚਾਹੇ ਉਹ ਕਿਸੇ ਵੀ ਬਾਰਡਰ ’ਤੇ ਹੋਵੇ। ਉਹਨਾਂ ਕਿਹਾ ਕਿ ਅਜੇ ਸਿਰਫ ਇਕ ਸਮੱਸਿਆ ਦਾ ਹੱਲ਼ ਹੋਇਆ ਹੈ, ਉਹ ਹੈ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ। ਬਿਜਲੀ ਸੋਧ ਬਿੱਲ ਅਤੇ ਪਰਾਲੀ ਵਾਲੇ ਬਿੱਲ਼ ਦੀ ਗੱਲ ਸਰਕਾਰ ਨੇ ਅੱਜ ਤੋਂ 11 ਮਹੀਨੇ ਪਹਿਲਾਂ ਕੀਤੀ ਸੀ। ਉਸੇ ਦੌਰਾਨ ਐਮਐਸਪੀ ਬਾਰੇ ਗੱਲ਼ ਚੱਲੀ ਸੀ।

ਉਹਨਾਂ ਕਿਹਾ ਕਿ ਐਮਐਸਪੀ ਬਾਰੇ ਕਾਨੂੰਨ ਬਣਨਾ ਬਹੁਤ ਪੁਰਾਣੀ ਮੰਗ ਹੈ। ਇਸ ਦੇ ਤਹਿਤ 2011 ਵਿਚ ਇਕ ਕਮੇਟੀ ਬਣੀ ਸੀ ਜਿਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਪੀਐਮ ਮੋਦੀ ਵੀ ਉਸ ਕਮੇਟੀ ਵਿਚ ਸਨ, ਉਹਨਾਂ ਨੇ ਕੇਂਦਰ ਸਰਕਾਰ ਨੂੰ ਇਕ ਰਿਪੋਰਟ ਸੌਂਪੀ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਬਣਨਾ ਚਾਹੀਦਾ ਹੈ, ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਉਹ ਪੁਰਾਣੀ ਕਮੇਟੀ ਦੀ ਰਿਪੋਰਟ ਹੀ ਲਾਗੂ ਕਰ ਦੇਣ, ਨਵੀਂ ਕਮੇਟੀ ਦੀ ਲੋੜ ਹੀ ਨਹੀਂ ਹੈ।

ਕਿਸਾਨ ਆਗੂ ਨੇ ਦੱਸਿਆ ਕਿ ਇਸ ਦੌਰਾਨ ਜੋ ਘਟਨਾਕ੍ਰਮ ਹੋਏ ਉਸ ਨਾਲ 300 ਦੇ ਕਰੀਬ ਟਰੈਕਟਰਾਂ ਦਾ ਨੁਕਸਾਨ ਹੈ, ਜਾਣਕਾਰੀ ਅਨੁਸਾਰ 150 ਦੇ ਕਰੀਬ ਟਰੈਕਰਟ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿਚ ਖੜੇ ਹਨ। ਹਰਿਆਣਾ ਦੇ 55,000 ਦੇ ਕਰੀਬ ਲੋਕਾਂ ਖਿਲਾਫ਼ ਮੁਕੱਦਮੇ ਹਨ। ਉਹਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਜਦੋਂ ਤੱਕ ਕਿਸਾਨਾਂ ਦੇ ਮੁਕੱਦਮੇ ਵਾਪਸ ਨਹੀਂ ਹੁੰਦੇ, ਕਿਸਾਨ ਘਰ ਨਹੀਂ ਜਾਣਗੇ।

ਰਾਕੇਸ਼ ਟਿਕੈਤ ਨੇ ਕਿਹਾ ਕਿ ਪਹਿਲਾਂ ਗੱਲ਼ ਹੋਈ ਸੀ ਕਿ ਇਹਨਾਂ ਮੰਗਾਂ ਦੇ ਹੱਲ਼ ਤੋਂ ਬਾਅਦ ਹੀ ਅੰਦੋਲਨ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਇਕ ਕਮੇਟੀ ਬਣਾਈ ਜਾਵੇਗੀ ਜੋ ਸਮੇਂ-ਸਮੇਂ ਤੇ ਸਰਕਾਰ ਨਾਲ ਗੱਲ ਕਰਦੀ ਰਹੇਗੀ। ਕਿਸਾਨ ਆਗੂ ਨੇ ਕਿਹਾ ਜੇ ਸਰਕਾਰ ਕੱਲ਼੍ਹ ਨੂੰ ਬੀਜ ਬਿੱਲ਼ ਜਾਂ ਕੋਈ ਹੋਰ ਬਿੱਲ ਲਿਆਉਂਦੀ ਹੈ ਤਾਂ ਕੀ ਕਿਸਾਨ ਮੁੜ ਦਿੱਲੀ ਆਉਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਧੋਖੇ ਵਿਚ ਰੱਖ ਰਹੀ ਹੈ। ਸਰਕਾਰ ਐਮਐਸਪੀ ਦੇ ਨਾਂਅ ’ਤੇ ਕਿਸਾਨਾਂ ਨੂੰ ਉਲਝਾਉਣ ਵਿਚ ਲੱਗੀ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਹੁਣ ਫਾਈਨਲ ਮੈਚ ਹੋਵੇਗਾ। ਮੁਕੱਦਮਿਆਂ ਨੂੰ ਕਿਸਾਨ ਘਰ ਨਹੀਂ ਲੈ ਕੇ ਜਾਣਗੇ, ਇਹ ਭਾਰਤ ਸਰਕਾਰ ਦੀ ਜਾਇਦਾਦ ਹੈ, ਉਹਨਾਂ ਨੂੰ ਸੌਂਪ ਕੇ ਹੀ ਵਾਪਸ ਜਾਵਾਂਗੇ। ਕਿਸਾਨ ਆਗੂ ਨੇ ਕਿ ਸੰਯੁਕਤ ਕਿਸਾਨ ਮੋਰਚਾ ਹੈ ਅਤੇ ਹਮੇਸ਼ਾਂ ਰਹੇਗਾ। 4 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ।