''ਮੋਦੀ ਸਰਕਾਰ ਨੇ ਦੁਨੀਆ 'ਚ ਦੇਸ਼ ਦੀ ਨੱਕ ਕਟਾ ਕੇ ਰੱਖ ਦਿਤੀ'': ਜਸਟਿਸ ਕਾਟਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਵਿਚ ਖੁੱਲ੍ਹੇ ਵਿਚ ਨਮਾਜ਼ ਪੜ੍ਹਨ 'ਤੇ ਲੱਗੀ ਪਾਬੰਦੀ 'ਤੇ ਬੋਲਦਿਆਂ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਮਾਰਕੰਡੇ ਕਾਟਜੂ ਨੇ ਮੋਦੀ ਸਰਕਾਰ 'ਤੇ....

Narendra Modi

ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਵਿਚ ਖੁੱਲ੍ਹੇ ਵਿਚ ਨਮਾਜ਼ ਪੜ੍ਹਨ 'ਤੇ ਲੱਗੀ ਪਾਬੰਦੀ 'ਤੇ ਬੋਲਦਿਆਂ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਮਾਰਕੰਡੇ ਕਾਟਜੂ ਨੇ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਆਰਐਸਐਸ ਦੀਆਂ ਸ਼ਾਖਾਵਾਂ ਸ਼ਰ੍ਹੇਆਮ ਲਗਦੀਆਂ ਹਨ, ਉਨ੍ਹਾਂ ਨੂੰ ਕੋਈ ਪ੍ਰਮੀਸ਼ਨ ਨਹੀਂ ਲੈਣੀ ਪੈਂਦੀ ਤਾਂ ਨਮਾਜ਼ 'ਤੇ ਪਾਬੰਦੀ ਕਿਉਂ ਲਗਾਈ ਜਾ ਰਹੀ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਜਸਟਿਸ ਕਾਟਜੂ ਨੇ ਇਥੋਂ ਤਕ ਆਖ ਦਿਤਾ ਕਿ ਮੋਦੀ ਅਤੇ ਯੋਗੀ ਸਰਕਾਰ ਨੇ ਪੂਰੀ ਦੁਨੀਆਂ ਵਿਚ ਦੇਸ਼ ਦੀ ਨੱਕ ਕਟਾ ਕੇ ਰੱਖ ਦਿਤੀ ਹੈ।

 

ਉਨ੍ਹਾਂ ਆਖਿਆ ਕਿ ਗਾਂ ਨੂੰ ਲੈ ਕੇ ਦੇਸ਼ ਵਿਚ ਵੱਡਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਇੰਟਫਿਕ ਆਦਮੀ ਹਾਂ, ਮੈਂ ਗਾਂ ਨੂੰ ਮਾਤਾ ਨਹੀਂ ਮੰਨਦਾ, ਮੇਰੇ ਲਈ ਗਾਂ ਓਵੇਂ ਹੀ ਹੈ ਜਿਵੇਂ ਕੁੱਤਾ ਘੋੜਾ ਜਾਂ ਕੋਈ ਹੋਰ ਜਾਨਵਰ। ਉਨ੍ਹਾਂ ਮੁਸਲਿਮ ਨੌਜਵਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਸਵਾਲ 'ਤੇ ਬੋਲਦਿਆਂ ਆਖਿਆ ਕਿ ਭਾਜਪਾ ਇਹ ਸਭ ਕੁੱਝ ਅਪਣੇ ਵੋਟ ਬੈਂਕ ਲਈ ਕਰ ਰਹੀ ਹੈ, ਉਨ੍ਹਾਂ ਇਹ ਵੀ ਆਖਿਆ ਕਿ ਅੱਗੇ ਬਹੁਤ ਬੁਰਾ ਜ਼ਮਾਨਾ ਆ ਰਿਹਾ ਹੈ ਜੋ ਖ਼ਾਸ ਤੌਰ 'ਤੇ ਮੁਸਲਮਾਨਾਂ ਲਈ ਬਹੁਤ ਬੁਰਾ ਹੋਵੇਗਾ।

ਦਸ ਦਈਏ ਕਿ ਸਾਬਕਾ ਚੀਫ਼ ਜਸਟਿਸ ਮਾਰਕੰਡੇਯ ਕਾਟਜੂ ਨੂੰ ਅਪਣੀ ਬੇਬਾਕ ਰਾਇ ਲਈ ਜਾਣਿਆ ਜਾਂਦਾ ਹੈ। ਉਹ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧ ਚੁੱਕੇ ਹਨ।