ਕੀ ਚੰਡੀਗੜ੍ਹ ਹੁਣ ਨਹੀਂ ਰਿਹਾ 'City Beautiful'?

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵੱਛਤਾ ਦੇ ਮਾਮਲੇ ਵਿਚ ਸ਼ਹਿਰ ਨੂੰ ਮਿਲਿਆ ਇਹ ਸਥਾਨ

File Photo

ਚੰਡੀਗੜ੍ਹ : ਸੋਹਣਾ ਸ਼ਹਿਰ ਚੰਡੀਗੜ੍ਹ ਨਗਰ ਨਿਗਮ ਦੇ ਪੱਲੇ ਪੈਣ ਤੋਂ ਬਾਅਦ ਸਾਫ਼-ਸਫ਼ਾਈ ਪੱਖੋਂ ਐਤਕੀ 2019 ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਕੀਤੇ ਸਰਵੇਖਣ ਦੇ ਮਾਪਦੰਡਾਂ ਵਿਚ ਪੂਰਾ ਨਹੀਂ ਉਤਰਿਆ ਸਗੋਂ ਪਛੜ ਕੇ 27ਵੇਂ ਸਥਾਨ 'ਤੇ ਜਾ ਡਿੱਗਾ ਹੈ।

ਇਸ ਸਬੰਧੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਡਾਟੇ ਜਾਰੀ ਕੀਤੇ ਗਏ ਹਨ। ਕੇਂਦਰ ਵਲੋਂ ਸਵੱਛਤਾ ਅਧੀਨ ਇਕ ਲੱਖ ਤੋਂ 10 ਲੱਖ ਦੀ ਸੰਖਿਆ ਵਾਲੇ ਸ਼ਹਿਰਾਂ ਦਾ ਪਹਿਲੀ ਤਿਮਾਹੀ 'ਚ ਸਰਵੇਖਣ ਕੀਤਾ ਗਿਆ ਸੀ ਜੋ ਅਪ੍ਰੈਲ ਤੋਂ ਜੂਨ ਤਕ ਹੁੰਦਾ ਹੈ।

ਸੂਤਰਾਂ ਅਨੁਸਾਰ ਇਸ ਦੌਰਾਨ ਸ਼ਹਿਰ ਦੀ ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ ਅਤੇ ਮਾਰਕੀਟ ਪ੍ਰਧਾਨਾਂ ਨੇ ਵੀ ਚੰਗੀ ਫ਼ੀਡਬੈਕ ਦਿਤੀ ਸੀ ਪਰ ਸ਼ਹਿਰ ਵਿਚ ਨਗਰ ਨਿਗਮ ਨੇ ਡੋਰ-ਟੂ ਡੋਰ ਕੂੜਾ ਕਰਕਟ ਚੁਕਣ ਲਈ ਸਕੀਮ ਸ਼ਹਿਰ ਵਿਚ ਲਾਗੂ ਨਾ ਕਰਨਾ, ਡੱਡੂਮਾਜਰਾ ਗਾਰਬੇਜ ਪਲਾਂਟ 'ਤੇ ਲੱਗੇ ਕੂੜੇ ਦੇ ਢੇਰਾਂ ਨਾਲ ਨਗਰ ਨਿਗਮ ਦਾ ਅਕਸ ਠੀਕ ਨਹੀਂ ਰਿਹਾ।

ਨਗਰ ਨਿਗਮ ਦੇ ਕਮਿਸ਼ਨਰ ਦਾ ਕਹਿਣਾ ਸੀ ਕਿ ਸਰਵੇਖਣ ਵਿਚ ਲਾਪ੍ਰਵਾਹੀ ਹੋਈ ਹੈ, ਜਿਸ ਨਾਲ ਉਹ ਪਛੜ ਗਏ ਹਨ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਸ਼ਹਿਰ ਸਿਟੀ ਡਰਟੀਫੁੱਲ ਬਣਦਾ ਜਾ ਰਿਹਾ ਹੈ ਕਿਉਂਕਿ ਕਿਸੇ ਵੇਲੇ ਚੰਡੀਗੜ੍ਹ ਪੂਰੇ ਦੇਸ਼ ਵਿਚੋਂ ਸਫ਼ਾਈ ਦੇ ਮਾਮਲੇ ਵਿਚ ਅਵਲ ਆਉਂਦਾ ਸੀ। ਸਵੱਛਤਾਂ ਨੇ ਹੀ ਚੰਡੀਗੜ੍ਹ ਨੂੰ ਵੱਡੀ ਪਹਿਚਾਣ ਦਿੱਤੀ ਸੀ ਹੁਣ ਸ਼ਹਿਰ ਦਾ ਪਛੜ ਕੇ 27ਵੇਂ ਨੰਬਰ ਉਤੇ ਆਉਣਾ ਚੰਡੀਗੜ੍ਹ ਨਗਰ ਨਿਗਮ ਨੂੰ ਵੀ ਸਵਾਲ ਦੇ ਘੇਰੇ ਵਿਚ ਖੜ੍ਹਾ ਕਰਦਾ ਹੈ।