6 ਕਰੋੜ ਕਿਸਾਨਾਂ ਦੇ ਖਾਤੇ 'ਚ ਮੋਦੀ ਨੇ ਭੇਜੇ ਪੈਸੇ, ਪੜ੍ਹੋ ਪੂਰੀ ਖ਼ਬਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤਕ 8 ਕਰੋੜ ਕਿਸਾਨਾਂ ਨੂੰ ਪਹੁੰਚਿਆ ਲਾਭ

file photo

ਤੁਮਕੁਰ (ਕਰਨਾਟਕ) : ਮੋਦੀ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕਰਦਿਆਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾ ਕਰਵਾ ਦਿੱਤੇ ਹਨ। ਇਸ ਯੋਜਨਾ ਤਹਿਤ ਹੁਣ ਤਕ 8 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਦੇਸ਼ ਭਰ ਦੇ 6 ਕਰੋੜ ਕਿਸਾਨਾਂ ਦੇ ਖਾਤੇ ਵਿਚ 12 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਗਈ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਦਿਨ ਦੀ ਯਾਤਰਾ 'ਤੇ ਕਰਨਾਟਕ ਪੁੱਜੇ ਹਨ। ਸਿੱਧਗੰਗਾ ਮੱਠ ਤੋਂ ਬਾਅਦ ਉਨ੍ਹਾਂ ਨੇ ਤੁਮਕੁਰ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਸਾਲ ਤੇ ਨਵੇਂ ਦਹਾਕੇ ਦੇ ਪਹਿਲੇ ਦਿਨ ਦੇਸ਼ ਦੇ ਅੰਨਦਾਤੇ ਕਿਸਾਨ ਭੈਣ-ਭਰਾਵਾਂ ਨੂੰ ਮਿਲਣਾ ਮੇਰੇ ਲਈ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ।

ਇੱਥੇ ਉਨ੍ਹਾਂ ਨੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਕਿਸਾਨਾਂ ਨੂੰ ਖੇਤੀਬਾੜੀ ਕਰਮਣ ਐਵਾਰਡ ਪ੍ਰਦਾਨ ਕੀਤੇ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਅੰਦਰ ਇਹ ਉਪਲਬਧੀ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ।  ਉਨ੍ਹਾਂ 130 ਕਰੋੜ ਦੇਸ਼ ਵਾਸੀਆਂ ਤਰਫੋਂ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ਕਰਮਨ ਐਵਾਰਡ ਦੇ ਨਾਲ ਹੀ ਅੱਜ ਕਰਨਾਟਕ ਦੀ ਇਹ ਧਰਤੀ ਇਕ ਇਤਿਹਾਸਕ ਉਪਲਬਧੀ ਦੀ ਗਵਾਹ ਵੀ ਬਣ ਗਈ ਹੈ।

ਸਾਬਕਾ ਸਰਕਾਰਾਂ 'ਤੇ ਲਾਇਆ ਨਿਸ਼ਾਨਾ :  ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੇਸ਼ ਅੰਦਰ ਇਕ ਦੌਰ ਅਜਿਹਾ ਵੀ ਸੀ ਜਦੋਂ ਦੇਸ਼ ਵਿਚ ਗ਼ਰੀਬ ਲਈ ਇਕ ਰੁਪਏ ਭੇਜਿਆ ਜਾਂਦਾ ਸੀ ਤਾਂ ਉਸ ਤਕ ਸਿਰਫ਼ 15 ਪੈਸੇ ਹੀ ਪੁੱਜਦੇ ਸਨ। ਜਦਕਿ ਬਾਕੀ 85 ਪੈਸੇ ਰਸਤੇ 'ਚ ਵਿਚੋਲੇ ਹੀ ਖਾ ਜਾਂਦੇ ਸਨ।

ਅੱਜ ਸਰਕਾਰ ਵਲੋਂ ਚੁੱਕੇ ਗਏ ਕ੍ਰਾਂਤੀਕਾਰੀ ਕਦਮਾਂ ਸਦਕਾ ਜਿੰਨੇ ਪੈਸੇ ਭੇਜੇ ਜਾ ਰਹੇ ਹਨ, ਓਨੇ ਪੂਰੇ ਦੇ ਪੂਰੇ ਸਿੱਧੇ ਗ਼ਰੀਬ ਅਤੇ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੰਮੇ ਸਮੇਂ ਤੋ ਅਧਵਾਟੇ ਲਟਕੀਆਂ ਸਿੰਚਾਈ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਤੋਂ ਇਲਾਵਾ ਕਿਸਾਨਾਂ ਦੀ ਭਲਾਈ ਲਈ ਫ਼ਸਲੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ  ਯੋਜਨਾਵਾਂ ਦਾ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਪਹੁੰਚ ਰਿਹਾ ਹੈ।