ਜੇਕਰ ਅਮਨ-ਕਾਨੂੰਨ ਦੀ ਵਿਵਸਥਾ ਉਤੇ ਕੋਈ ਸਪੱਸ਼ਟੀਕਰਨ ਚਾਹੁੰਦੇ ਹੋ ਤਾਂ ਮੈਨੂੰ ਸੱਦੋ-ਮੁੱਖ ਮੰਤਰੀ
ਰਾਜਪਾਲ ਵੱਲੋਂ ਭਾਜਪਾ ਦੇ ਘਿਰਣਾਜਨਕ ਪ੍ਰਾਪੇਗੰਡੇ ਅੱਗੇ ਝੁਕ ਜਾਣ ਨੂੰ ਮੰਦਭਾਗਾ ਦੱਸਿਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਸਥਿਤੀ ਉਤੇ ਭਾਰਤੀ ਜਨਤਾ ਪਾਰਟੀ ਦੀ ਘਟੀਆ ਅਤੇ ਸਿਆਸਤ ਤੋਂ ਪ੍ਰੇਰਿਤ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਪਾਲ ਦੁਆਰਾ ਇਸ ਸਬੰਧੀ ਉਹਨਾਂ (ਕੈਪਟਨ ਅਮਰਿੰਦਰ ਸਿੰਘ) ਪਾਸੋਂ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਿਪੋਰਟ ਮੰਗਣ ਦੀ ਬਜਾਏ ਸਿਖਰਲੇ ਅਧਿਕਾਰੀਆਂ ਨੂੰ ਸੱਦਣ ਦਾ ਸਖ਼ਤ ਨੋਟਿਸ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮੱਥੇ ਉਤੇ ਨਕਸਲੀ, ਖਾਲਿਸਤਾਨੀ ਵਰਗੇ ਸ਼ਬਦਾਂ ਦਾ ਕਲੰਕ ਲਾਉਣ ਦੀ ਬਜਾਏ ਭਾਜਪਾ ਨੂੰ ਭਾਰਤ ਸਰਕਾਰ ਵਿੱਚ ਆਪਣੀ ਕੇਂਦਰੀ ਲੀਡਰਸ਼ਿਪ ਉਪਰ ਅੰਨਦਾਤਿਆਂ ਦੀ ਆਵਾਜ਼ ਸੁਣਨ ਅਤੇ ਕਾਲੇ ਖੇਤੀ ਕਾਨੂੰਨ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਕਿਉ ਜੋ ਇਹ ਕਾਨੂੰਨ ਕਿਸਾਨ ਭਾਈਚਾਰੇ ਦੇ ਜੀਵਨ ਅਤੇ ਭਵਿੱਖ ਲਈ ਖ਼ਤਰਾ ਬਣੇ ਹੋਏ ਹਨ। ਉਹਨਾਂ ਕਿਹਾ,”ਜਦੋਂ ਕਿਸਾਨਾਂ ਦੀ ਹੋਂਦ ਤੱਕ ਦਾਅ ਉਤੇ ਲੱਗੀ ਹੋਵੇ ਤਾਂ ਉਸ ਵੇਲੇ ਭਾਜਪਾ ਲੀਡਰ ਘਟੀਆ ਸਿਆਸਤ ਵਿੱਚ ਗਲਤਾਨ ਹਨ ਅਤੇ ਇੱਥੋਂ ਤੱਕ ਕਿ ਰਾਜਪਾਲ ਦੇ ਸੰਵਿਧਾਨਕ ਅਹੁਦੇ ਨੂੰ ਵੀ ਇਸ ਅਣਸੁਖਾਵੇਂ ਏਜੰਡੇ ਵਿੱਚ ਲਪੇਟ ਲਿਆ।“