ਕਿਸਾਨਾਂ ਨੂੰ ਸਬਕ ਸਿਖਾਉਣ ਦੇ ਰਾਹ ਪਈ ਸਰਕਾਰ: CM ਨੂੰ ਕਾਲੀਆਂ ਝੰਡੀਆਂ ਦਿਖਾਣ 'ਤੇ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

13 ਕਿਸਾਨ ਨਾਮਜ਼ਦ, 307, 147, 148, 149, 186, 353 ਤੇ ਧਾਰਾ 506 ਦੇ ਤਹਿਤ ਦਰਜ ਕੀਤਾ ਕੇਸ

Farmers Protest

ਅੰਬਾਲਾ: ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਸੰਘਰਸ਼ ਦਰਮਿਆਨ ਸਰਕਾਰ ਅਤੇ ਕਿਸਾਨਾਂ ਵਿਚਾਲੇ ਖਿੱਚੋਤਾਣ ਵਧਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਬੀਤੇ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਸਨ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਹਲਕੇ ਬਲ ਦਾ ਪ੍ਰਯੋਗ ਕਰਦਿਆਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਸੁਰੱਖਿਆ ਕੱਢ ਲਿਆ ਸੀ। 

ਹੁਣ ਇਸ ਮਾਮਲੇ ’ਚ ਸਖ਼ਤੀ ਵਰਤਿਆਂ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਦੰਗਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਕਿਸਾਨਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ’ਤੇ ਕਥਿਤ ਹਮਲਾ ਕੀਤਾ ਸੀ। ਇਸ ਸਬੰਧੀ 13 ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਕਾਬਲੇਗੌਰ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਤੋਂ ਬਾਅਦ ਇਹ ਸਿਲਸਿਲਾ ਹੁਣ ਹਰਿਆਣਾ ਅੰਦਰ ਵੀ ਸ਼ੁਰੂ ਹੋ ਚੁੱਕਾ ਹੈ ਜਿੱਥੇ ਬੀਤੇ ਕੱਲ੍ਹ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। 

ਪੁਲਿਸ ਮੁਤਾਬਕ ਕਿਸਾਨਾਂ ਦੀ ਭੀੜ ਨੇ ਕਾਲੀਆਂ ਝੰਡੀਆਂ ਵਿਖਾਉਂਦਿਆਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕ ਲਿਆ ਅਤੇ ਇਸ ਦੌਰਾਨ ਕਥਿਤ ਤੌਰ ’ਤੇ ਗੱਡੀਆਂ ’ਤੇ ਡੰਡੇ ਵੀ ਮਾਰੇ ਗਏ ਸਨ। ਹਰਿਆਣਾ ਪੁਲਿਸ ਨੇ ਧਾਰਾ 307 (ਇਰਾਦਾ ਕਤਲ) 147 (ਦੰਗਾ ਕਰਨਾ) 148 (ਜਾਨਲੇਵਾ ਹਥਿਆਰਾਂ ਨਾਲ ਦੰਗਾ ਕਰਨ), 149, 186 (ਜਨਤਕ ਕਾਰਜਾਂ ਤੇ ਜਾਂਦੇ ਸਰਕਾਰੀ ਸੇਵਕ ਨੂੰ ਰੋਕਣਾ), 353 (ਜਨਤਕ ਸੇਵਕ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ) ਤੇ ਧਾਰਾ 506 ਦੇ ਤਹਿਤ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸਣਯੋਗ ਹੈ ਕਿ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਵਾਰ ਵਾਰ ਬਿਆਨ ਦਿਤੇ ਜਾ ਰਹੇ ਸਨ ਜਿਸ ਤੋਂ ਕਿਸਾਨ ਧਿਰਾਂ ਨਰਾਜ਼ ਹਨ। ਮੁੱਖ ਮੰਤਰੀ ਨੇ ਐਸ.ਵਾਈ.ਐਲ. ਦਾ ਮੁੱਦਾ ਉਠਾਉਣ ਸਮੇਤ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਸਮਾਜ ਵਿਰੋਧੀ ਅਨਸਰ ਕਹਿ ਦਿਤਾ ਸੀ। ਉਨ੍ਹਾਂ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਦਿਤੇ ਜਾ ਰਹੇ ਅਜਿਹੇ ਬਿਆਨਾਂ ਕਾਰਨ ਕਿਸਾਨ ਉਨ੍ਹਾਂ ਤੋਂ ਕਾਫ਼ੀ ਨਰਾਜ਼ ਹਨ। ਬੀਤੇ ਕੱਲ੍ਹ ਉਹ ਲੋਕਲ ਬਾਡੀ ਚੋਣਾਂ ਦੇ ਸਿਲਸਿਲੇ ਵਿਚ ਅੰਬਾਲਾ ਵਿਚ ਪਾਰਟੀ ਦੇ ਮੇਅਰ ਤੇ ਵਾਰਡਾਂ ਦੇ ਉਮੀਦਵਾਰਾਂ ਦੇ ਸਮਰਥਨ ’ਚ ਆਏ ਸਨ, ਜਿੱਥੇ ਉਨ੍ਹਾਂ ਦਾ ਕਿਸਾਨਾਂ ਦੇ ਇਕ ਗਰੁੱਪ ਨਾਲ ਸਾਹਮਣਾ ਹੋ ਗਿਆ ਸੀ।