ਬਜਟ ਇਜਲਾਸ: ਰਾਜ ਸਭਾ ‘ਚ ਕੱਲ੍ਹ ਹੋਵੇਗੀ ਕਿਸਾਨ ਅੰਦੋਲਨ ‘ਤੇ ਚਰਚਾ, ਵਿਰੋਧੀ ਧਿਰ ਨੇ ਕੀਤਾ ਵਾਕਆਊਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਕਿਸਾਨੀ ਮੁੱਦੇ ‘ਤੇ ਹੰਗਾਮਾ

Venkaiah Naidu

ਨਵੀਂ ਦਿੱਲੀ: ਬਜਟ ਇਜਲਾਸ ਦੀ ਕਾਰਵਾਈ ਦੌਰਾਨ ਸਦਨ ਵਿਚ ਕੁਝ ਨੇਤਾਵਾਂ ਨੇ ਕਿਸਾਨੀ ਮੁੱਦੇ ‘ਤੇ ਚਰਚਾ ਲਈ ਨੋਟਿਸ ਜਾਰੀ ਕੀਤਾ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ, ‘ਕਿਸਾਨਾਂ ਦੇ ਅੰਦੋਲਨ ‘ਤੇ ਚਰਚਾ ਅੱਜ ਨਹੀਂ ਕੱਲ੍ਹ ਹੋਵੇਗੀ।

ਰਾਸ਼ਟਰਪਤੀ ਨੇ ਅਪਣੇ ਸੰਬੋਧਨ ਵਿਚ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਸੀ। ਮੈਂ ਅੱਜ ਤੋਂ ਚਰਚਾ ਸ਼ੁਰੂ ਕਰਨਾ ਚਾਹੁੰਦਾ ਸੀ ਪਰ ਮੈਨੂੰ ਦੱਸਿਆ ਗਿਆ ਕਿ ਚਰਚਾ ਸਭ ਤੋਂ ਪਹਿਲਾਂ ਲੋਕ ਸਭਾ ਵਿਚ ਸ਼ੁਰੂ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕੱਲ੍ਹ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਕਰਨ ਲਈ ਸਹਿਮਤ ਹੋਏ'।

ਇਸ ਤੋਂ ਬਾਅਦ ਵਿਰੋਧੀਆਂ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ ਹੈ। ਇਸ ਤੋਂ ਬਾਅਦ ਉਪ-ਰਾਸ਼ਟਰਪਤੀ ਨੇ ਫਿਰ ਦੁਹਰਾਇਆ ਕਿ ਖੇਤੀ ਕਾਨੂੰਨਾਂ ‘ਤੇ ਸਦਨ ਵਿਚ ਚਰਚਾ ਹੋਵੇਗੀ। ਉਹਨਾਂ ਕਿਹਾ ਇਹ ਗਲਤ ਧਾਰਣਾ ਬਣ ਰਹੀ ਹੈ ਕਿ ਕੋਈ ਚਰਚਾ ਨਹੀਂ ਹੋਈ। ਵੋਟਿੰਗ ਸਬੰਧੀ, ਲੋਕਾਂ ਦੇ ਅਪਣੇ ਤਰਕ ਹੋ ਸਕਦੇ ਹਨ ਪਰ ਹਰ ਪਾਰਟੀ ਨੇ ਅਪਣਾ ਕੰਮ ਕੀਤਾ ਅਤੇ ਸੁਝਾਅ ਦਿੱਤੇ।

ਰਾਜ ਸਭਾ ਵਿਚ ਵਿਰੋਧੀ ਧਿਰਾਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣ ਲਈ ਨਾਅਰੇਬਾਜ਼ੀ ਕੀਤੀ। ਦੱਸ ਦਈਏ ਕਿ ਸਦਨ ਵਿਚ ਕਿਸਾਨੀ ਮੁੱਦੇ ‘ਤੇ ਚਰਚਾ ਲਈ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਰਾਜ ਸਭਾ ਵਿਚ ਨੋਟਿਸ ਦਿੱਤਾ ਸੀ। ਇਸ ਤੋਂ ਇਲਾਵਾ ਟੀਐਮਸੀ ਸੰਸਦ ਮੈਂਬਰ ਅਰਪਿਤਾ ਘੋਸ਼ ਨੇ ਵੀ ਇਸ ਮੁੱਦੇ ‘ਤੇ ਨੋਟਿਸ ਦਿੱਤਾ। ਸੀਪੀਆਈ ਦੇ ਸੰਸਦ ਮੈਂਬਰ ਐਲਾਰਾਮ ਕਰੀਮ ਨੇ ਵੀ ਰਾਜਸਭਾ ਵਿਚ ਨਿਯਮ 267 ਦੇ ਤਹਿਤ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ।