ਇਸ ਵਾਰ ਦੇ ਬਜਟ ਨਾਲ ਛੋਟੇ ਕਿਸਾਨਾਂ ਨੂੰ ਮਿਲੇਗਾ ਫ਼ਾਇਦਾ : ਨਰਿੰਦਰ ਤੋਮਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਕੁਲ ਕਿਸਾਨਾਂ ਵਿਚੋਂ 86 ਫ਼ੀ ਸਦੀ ਛੋਟੇ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋਲ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਹੈ।

Narendra Singh Tomar

ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਹਾ ਕਿ ਬਜਟ 2023-24 ਦੇਸ਼ ਭਰ ਦੇ ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾਏਗਾ, ਜਿਸ ਵਿਚ ਆਧੁਨਿਕ ਖੇਤੀ ਤਕਨੀਕਾਂ ਨੂੰ ਉਤਸਾਹਿਤ ਕਰਨ ’ਤੇ ਜੋਰ ਦਿਤਾ ਗਿਆ ਹੈ। ਤੋਮਰ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਉਨ੍ਹਾਂ ਦੇ ਮੰਤਰਾਲੇ ਲਈ ਕੁਲ ਬਜਟ ਅਲਾਟਮੈਂਟ ਨੂੰ ਵਧਾ ਕੇ 1.25 ਲੱਖ ਕਰੋੜ ਰੁਪਏ ਕਰ ਦਿਤਾ ਗਿਆ ਹੈ, ਜਿਸ ਵਿਚ ਸਰਕਾਰ ਦੀ ਪ੍ਰਮੁੱਖ ਯੋਜਨਾ ਪੀਐਮ-ਕਿਸਾਨ ਲਈ 60,000 ਕਰੋੜ ਰੁਪਏ ਦੀ ਵੰਡ ਸ਼ਾਮਲ ਹੈ।

ਇਹ ਵੀ ਪੜ੍ਹੋ - ਮੌਜੂਦਾ ਸਰਕਾਰ ਦਾ ਆਖ਼ਰੀ ਬਜਟ- ਅਡਾਨੀ ਵਰਗਿਆਂ ਲਈ ਸ਼ੁੱਭ ਸੰਦੇਸ਼ ਪਰ ਗ਼ਰੀਬ ਲਈ ਸਿਰਫ਼ ਮੁਫ਼ਤ ਆਟਾ ਦਾਲ! 

ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਬਜਟ ਤੋਂ ਛੋਟੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਵਿਚ ਤਕਨਾਲੋਜੀ ਰਾਹੀਂ ਖੇਤੀ ਖੇਤਰ ਨੂੰ ਉਤਸ਼ਾਹਿਤ ਕਰਨ ’ਤੇ ਜੋਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਉਪਬੰਧ ਕੀਤੇ ਗਏ ਹਨ, ਜਿਸ ਵਿਚ ਅਗਲੇ ਵਿੱਤੀ ਸਾਲ ਲਈ ਖੇਤੀ ਕਰਜ਼ਾ ਵਧਾ ਕੇ 20 ਲੱਖ ਕਰੋੜ ਰੁਪਏ ਕਰਨਾ, ਮੋਟੇ ਅਨਾਜ ਅਤੇ ਸਟਾਰਟਅੱਪ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਭਾਰਤ ਦੇ ਕੁਲ ਕਿਸਾਨਾਂ ਵਿਚੋਂ 86 ਫ਼ੀ ਸਦੀ ਛੋਟੇ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋਲ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਹੈ।