ਛੇ ਦਹਾਕਿਆਂ 'ਚ 6 ਵਾਰ ਰੱਦ ਹੋਈ ਬੀਟਿੰਗ ਰਿਟ੍ਰੀਟ ਸੈਰੇਮਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੰਗ ਕਮਾਂਡਰ ਅਭਿਨੰਦਨ ਨੂੰ ਵਾਹਗਾ-ਅਟਾਰੀ ਸਰਹੱਦ 'ਤੇ ਭਾਰਤ ਹਵਾਲੇ ਕਰਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਸਮਾਂ ਬਦਲਣ ਕਾਰਨ ਭਾਰਤ ਨੇ ਸੁਰੱਖਿਆ ਕਾਰਨਾਂ

Beating retreat ceremony

ਚੰਡੀਗੜ੍ਹ : ਵਿੰਗ ਕਮਾਂਡਰ ਅਭਿਨੰਦਨ ਨੂੰ ਵਾਹਗਾ-ਅਟਾਰੀ ਸਰਹੱਦ 'ਤੇ ਭਾਰਤ ਹਵਾਲੇ ਕਰਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਸਮਾਂ ਬਦਲਣ ਕਾਰਨ ਭਾਰਤ ਨੇ ਸੁਰੱਖਿਆ ਕਾਰਨਾਂ ਕਰ ਕੇ ਬੀਟਿੰਗ ਰਿਟ੍ਰੀਟ ਸੈਰੇਮਨੀ ਨੂੰ ਰੱਦ ਕਰ ਦਿੱਤਾ ਸੀ। ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਮਗਰੋਂ ਹੁਣ ਤੱਕ ਛੇ ਦਹਾਕਿਆਂ ਵਿਚ ਇਹ ਛੇਵੀਂ ਵਾਰ ਹੋਇਆ ਸੀ ਜਦੋਂ ਇਸ ਰਸਮ ਨੂੰ ਰੱਦ ਕਰ ਦਿੱਤਾ ਗਿਆ ਹੋਵੇ। ਹਾਲਾਂਕਿ ਸ਼ਾਮ ਸਮੇਂ ਅਟਾਰੀ ਵਿਚ ਫਲੈਗ ਸੈਰੇਮਨੀ ਹੋਈ ਸੀ।

ਪਾਕਿਸਤਾਨ ਵੱਲੋਂ ਵਾਹਗਾ ਵਿਚ ਰਿਟ੍ਰੀਟ ਸੈਰੇਮਨੀ ਵੀ ਹੋਈ। ਰਿਟ੍ਰੀਟ ਸੈਰੇਮਨੀ ਰੱਦ ਹੋਣ ਮਗਰੋਂ ਦੇਸ਼ ਦੇ ਕਈ ਹਿੱਸਿਆਂ ਤੋਂ ਪੁੱਜੇ ਲੋਕਾਂ ਦੇ ਜੋਸ਼ ਵਿਚ ਕੋਈ ਘਾਟ ਨਹੀਂ ਸੀ। ਜ਼ਿਕਰਯੋਗ ਹੈ ਕਿ ਹਰ ਰੋਜ਼ ਲਗਭਗ 25 ਹਜ਼ਾਰ ਲੋਕ ਇੱਥੇ ਰਿਟ੍ਰੀਟ ਸੈਰੇਮਨੀ ਵੇਖਣ ਲਈ ਆਉਂਦੇ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਸ਼ਾਮ ਨੂੰ ਵਿੰਗ ਕਮਾਂਡਰ ਨੂੰ ਇਸ ਰਸਤੇ ਰਾਹੀਂ ਭਾਰਤ ਨੂੰ ਸੌਂਪਦਾ ਹੈ ਤਾਂ ਉਸ ਸਮੇਂ ਦਰਸ਼ਕਾਂ ਦੀ ਭੀੜ ਹੋਵੇਗੀ।

ਇਸ ਲਈ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਰਿਟ੍ਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਸੀ। ਬੀਟਿੰਗ ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ਵਿਚ ਸ਼ੁਰੂ ਹੋਈ ਸੀ। ਇਹ ਹਰ ਰੋਜ਼ ਸ਼ਾਮ ਨੂੰ ਦੋਵਾਂ ਮੁਲਕਾਂ ਦੇ ਕੌਮੀ ਝੰਡਿਆਂ ਨੂੰ ਉਤਾਰਨ ਸਮੇਂ ਹੁੰਦੀ ਹੈ। ਇਸ ਵਿਚ ਭਾਰਤ ਵੱਲੋਂ ਬੀਐੱਸਐੱਫ ਦੇ ਜਵਾਨ ਤੇ ਪਾਕਿਸਤਾਨ ਵੱਲੋਂ ਪਾਕਿ ਰੇਂਜਰਸ ਸ਼ਾਮਲ ਹੁੰਦੇ ਹਨ। ਦੋਵਾਂ ਮੁਲਕਾਂ ਦੇ ਹਜ਼ਾਰਾਂ ਲੋਕ ਪਹੁੰਚਦੇ ਹਨ ਤੇ ਆਪਣੇ ਜਵਾਨਾਂ ਦਾ ਜੋਸ਼ ਵਧਾਉਣ ਲਈ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹਨ।

ਇਹ ਰਸਮ ਪਹਿਲਾਂ 156 ਸਕਿੰਟਾਂ ਦੀ ਹੁੰਦੀ ਸੀ, ਜਿਸ ਮਗਰੋਂ ਦੋਵਾਂ ਮੁਲਕਾਂ ਦੇ ਗੇਟ ਮੁੜ ਬੰਦ ਕਰ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਸ ਸੈਰੇਮਨੀ ਦੌਰਾਨ ਬੀਐੱਸਐੱਫ ਦੇ ਜਵਾਨ ਆਪਣੇ ਸਿਰ ਤਕ ਉੱਚਾ ਪੈਰ ਚੁੱਕਦੇ ਹਨ ਤੇ ਫੇਰ ਜ਼ਮੀਨ 'ਤੇ ਪੈਰ ਪਟਕਾਉਂਦੇ ਹਨ। ਆਮ ਬੂਟਾਂ ਕਾਰਨ ਇਸ ਦੌਰਾਨ ਪਰੇਸ਼ਾਨੀ ਆਉਂਦੀ ਹੁੰਦੀ ਸੀ। ਹੁਣ ਬੀਐੱਸਐੱਫ ਵੱਲੋਂ ਰਿਟ੍ਰੀਟ ਸੈਰੇਮਨੀ ਲਈ ਜਵਾਨਾਂ ਨੂੰ ਖ਼ਾਸ ਬੂਟ ਦਿੱਤੇ ਜਾਂਦੇ ਹਨ ਜਿਹੜੇ ਕਿ ਆਰਾਮਦਾਇਕ ਹੁੰਦੇ ਹਨ।