ਪਾਕਿਸਤਾਨ ਵਿਚ ਮੈਨੂੰ ਮਾਨਸਿਕ ਤਸੀਹੇ ਦਿਤੇ ਗਏ : ਅਭਿਨੰਦਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੰਗ ਕਾਂਮਡਰ ਨੂੰ ਡਾਕਟਰੀ ਮੁਆਇਨੇ ਮਗਰੋਂ ਹੋਸਟਲ 'ਚ ਭੇਜਿਆ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤੀ ਮੁਲਾਕਾਤ

Wing Commander Abhinandan

ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਵਿਚ ਹਿਰਾਸਤ ਦੌਰਾਨ ਭਾਵੇਂ ਸਰੀਰਕ ਤਸੀਹੇ ਨਹੀਂ ਦਿਤੇ ਗਏ ਪਰ 60 ਘੰਟੇ ਤੱਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ। ਇਹ ਪ੍ਰਗਟਾਵਾ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਮੈਡੀਕਲ ਦੌਰਾਨ ਅਭਿਨੰਦਨ ਆਪਣੇ ਮਾਪਿਆਂ ਅਤੇ ਹਵਾਈ ਫ਼ੌਜ ਦੇ ਕਈ ਸੀਨੀਅਰ ਅਫ਼ਸਰਾਂ ਨੂੰ ਮਿਲਿਆ ਜਿਸ ਦੌਰਾਨ ਉਸ ਨੇ ਉਕਤ ਪ੍ਰਗਟਾਵਾ ਕੀਤਾ।

ਪਾਕਿਸਤਾਨ ਤੋਂ ਵਾਪਸੀ ਮਗਰੋਂ ਦਿੱਲੀ ਦੇ ਮਿਲਟਰੀ ਹਸਪਤਾਲ ਵਿਚ ਲਿਆਂਦੇ ਗਏ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਡਾਕਟਰੀ ਮੁਆਇਨਾ ਕਰਨ ਮਗਰੋਂ ਭਾਰਤੀ ਹਵਾਈ ਫ਼ੌਜ ਦੇ ਇਕ ਹੋਸਟਲ ਵਿਚ ਭੇਜ ਦਿਤਾ ਗਿਆ। ਸੂਤਰਾਂ ਨੇ ਦੱਸਿਆ ਕਿ ਫ਼ਿਲਹਾਲ ਅਭਿਨੰਦਨ ਵਰਤਮਾਨ ਨੂੰ ਕਿਸੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ।

ਇਸੇ ਦਰਮਿਆਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੰਗ ਕਮਾਂਡਰ ਅਭਿਨੰਦਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਵਿਖਾਈ ਬਹਾਦਰੀ 'ਤੇ ਪਿੱਠ ਥਾਪੜੀ। ਰੱਖਿਆ ਮੰਤਰੀ ਨੇ ਹਵਾਈ ਫ਼ੌਜ ਦੇ ਅਫ਼ਸਰ ਨੂੰ ਆਖਿਆ ਕਿ ਪੂਰੇ ਮੁਲਕ ਨੂੰ ਉਨ੍ਹਾਂ ਦੇ ਹਿੰਮਤ ਅਤੇ ਬਹਾਦਰੀ 'ਤੇ ਮਾਣ ਹੈ। ਸਮਝਿਆ ਜਾਂਦਾ ਹੈ ਕਿ ਮੁਲਾਕਾਤ ਦੌਰਾਨ ਅਭਿਨੰਦਨ ਨੇ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦੌਰਾਨ ਬਿਤਾਏ 60 ਘੰਟੇ ਬਾਰੇ ਰੱਖਿਆ ਮੰਤਰੀ ਨੂੰ ਵਿਸਤਾਰ ਨਾਲ ਦੱਸਿਆ।

ਗੌਰਤਲਬ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸ਼ੁੱਕਰਵਾਰ ਦੇਰ ਰਾਤ 11.45 ਵਜੇ ਦੇ ਕਰੀਬ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਨਵੀਂ ਦਿੱਲੀ ਪੁੱਜੇ ਸਨ। ਡਾਕਟਰਾਂ ਨੇ ਵੇਖਿਆ ਕਿ ਉਨ੍ਹਾਂ ਦੀ ਸੱਜੀ ਅੱਖ ਦੇ ਆਲੇ-ਦੁਆਲੇ ਸੋਜਿਸ਼ ਹੈ।