ਜਮਾਤ-ਏ-ਇਸਲਾਮੀ 'ਤੇ ਪਾਬੰਦੀ ਦੇ ਖ਼ਤਰਨਾਕ ਸਿੱਟੇ ਨਿਕਲਣਗੇ : ਮਹਿਬੂਬਾ ਮੁਫ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਵੱਲੋਂ ਜਮਾਤ-ਏ-ਇਸਲਾਮੀ 'ਤੇ ਲਾਈ ਪਾਬੰਦੀ ਨੂੰ ਬਦਲਾਲਊ ਕਾਰਵਾਈ...

Mehbooba Mufti

ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਵੱਲੋਂ ਜਮਾਤ-ਏ-ਇਸਲਾਮੀ 'ਤੇ ਲਾਈ ਪਾਬੰਦੀ ਨੂੰ ਬਦਲਾਲਊ ਕਾਰਵਾਈ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਦੇ ਖ਼ਤਰਨਾਕ ਸਿੱਟੇ ਸਾਹਮਣੇ ਆਉਣਗੇ। ਪੀ.ਡੀ.ਪੀ. ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਜਮਾਤ ਏ ਇਸਲਾਮੀ ਦੇ ਆਗੂਆਂ ਅਤੇ ਨੌਜਵਾਨਾਂ ਦੀ ਗ੍ਰਿਫ਼ਤਾਰ ਮਗਰੋਂ ਸੂਬੇ ਵਿਚ, ਖ਼ਾਸ ਤੌਰ 'ਤੇ ਵਾਦੀ ਵਿਚ ਬਦਲੇ ਦੀ ਅੱਗ ਭੜਕਦੀ ਨਜ਼ਰ ਆ ਰਹੀ ਹੈ।''

ਮਹਿਬੂਬਾ ਨੇ ਦਾਅਵਾ ਕੀਤਾ ਕਿ ਜਮਾਤ ਏ ਇਸਲਾਮੀ ਇਕ ਸਮਾਜਿਕ ਅਤੇ ਸਿਆਸੀ ਜਥੇਬੰਦੀ ਹੈ। ਇਸ ਦੀ ਇਕ ਵਿਚਾਰਧਾਰਾ ਹੈ ਅਤੇ ਮੈਂ ਨਹੀਂ ਸਮਝਦੀ ਕਿ ਜਥੇਬੰਦੀ ਦੇ ਕੁਝ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਵਿਚਾਰਧਾਰਾ ਨੂੰ ਕੈਦ ਕੀਤਾ ਜਾ ਸਕਦਾ ਹੈ। ਪੀ.ਡੀ.ਪੀ ਦੀ ਮੁਖੀ ਨੇ ਕਿਹਾ ਕਿ ਦੇਸ਼ ਵਿਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਕਸ਼ਮੀਰ ਵਿਚ ਗ਼ਰੀਬਾਂ ਦੀ ਮਦਦ ਕਰ ਰਹੀ ਇਕ ਸਮਾਜਿਕ ਜਥੇਬੰਦੀ ਨੂੰ ਪਾਬੰਦੀਸ਼ੁਦਾ ਐਲਾਨ ਦਿਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਚ ਮੁਲਕ ਵਿਚ ਸ਼ਿਵ ਸੈਨਾ ਅਤੇ ਆਰ.ਐਸ.ਐਸ. ਵਰਗੀਆਂ ਜਥੇਬੰਦੀਆਂ ਹਨ ਜਿਨ੍ਹਾਂ ਨੇ ਮਾਸ ਖਾਣ ਵਾਲਿਆਂ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ ਪਰ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਉਲਝ ਇਕ ਜਥੇਬੰਦੀ ਜੋ ਸਕੂਲ ਚਲਾਉਂਦੀ ਹੈ, ਗਰੀਬਾਂ ਦੀ ਮਦਦ ਕਰਦੀ ਹੈ, ਵਿਰੁੱਧ ਪਾਬੰਦੀ ਲਾ ਦਿਤੀ ਜਾਂਦੀ ਹੈ। ਮਹਿਬੂਬਾ ਨੇ ਚਿਤਾਵਨੀ ਦਿਤੀ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ ਅਤੇ ਇਸ ਦੇ ਗੰਭੀਰ ਸਿੱਟੇ ਨਿਕਲਣਗੇ।

ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਗਠਜੋੜ ਸਰਕਾਰ ਦੌਰਾਨ ਭਾਜਪਾ ਨੂੰ ਉਹ ਨਹੀਂ ਕਰਨ ਦਿਤਾ ਜੋ ਹੁਣ ਕੀਤਾ ਜਾ ਰਿਹਾ ਹੈ ਪਰ ਅਫ਼ਸੋਸ ਵਾਲੀ ਗੱਲ ਹੈ ਕਿ ਹੁਣ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਜਦੋਂ ਕਿਸੇ ਕਸ਼ਮੀਰੀ ਨੂੰ ਕੁਟਾਪਾ ਚਾੜ੍ਹਿਆ ਜਾਂਦਾ ਹੈ ਤਾਂ ਲੋਕ ਤਾੜੀਆਂ ਵਜਾਉਂਦੇ ਹਨ ਅਤੇ ਖ਼ੁਸ਼ ਹੁੰਦੇ ਹਨ।