ਪੁਲਵਾਮਾ ਹਮਲੇ ਤੋਂ ਬਾਅਦ ਏਅਰ ਇੰਡੀਆ ਨੂੰ ਰੋਜ਼ਾਨਾ ਹੋ ਰਿਹੈ 5 ਕਰੋੜ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਰਪ ਅਤੇ ਅਮਰੀਕਾ ਦੀਆਂ ਉਡਾਨਾਂ ਨੂੰ ਲਗਾਉਣਾ ਪੈ ਰਿਹੈ ਲੰਮਾ ਚੱਕਰ

Air India

ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਉਸ ਦੇ ਹਵਾਈ ਖੇਤਰ 'ਚ ਕਿਸੇ ਵੀ ਭਾਰਤੀ ਜਹਾਜ਼ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਹੁਣ ਤਕ ਜਾਰੀ ਹੈ। ਇਸ ਦੇ ਚਲਦੇ ਯੂਰਪ ਅਤੇ ਅਮਰੀਕਾ ਦੀਆਂ ਉਡਾਨਾਂ ਨੂੰ ਲੰਮਾ ਚੱਕਰ ਲਗਾਉਣਾ ਪੈ ਰਿਹਾ ਹੈ ਅਤੇ ਕੰਪਨੀ ਨੂੰ ਰੋਜ਼ਾਨਾ 5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ।

ਘਰੇਲੂ ਉਡਾਨਾਂ 'ਚ ਭਾਵੇਂ ਏਅਰ ਇੰਡੀਆ ਆਪਣੀ ਬਾਦਸ਼ਾਹਤ ਗੁਆ ਚੁੱਕਾ ਹੈ, ਪਰ ਕੌਮਾਂਤਰੀ ਉਡਾਣਾਂ ਦੇ ਮਾਮਲੇ 'ਚ ਏਅਰ ਇੰਡੀਆ ਕੋਲ ਹੁਣ ਵੀ ਕਾਰੋਬਾਰ ਦਾ ਵੱਡਾ ਹਿੱਸਾ ਹੈ। ਏਅਰਲਾਈਨ 37 ਵਿਦੇਸ਼ੀ ਹਵਾਈ ਅੱਡਿਆਂ 'ਚ ਉਡਾਣਾਂ ਭਰਦੀ ਹੈ। ਇਨ੍ਹਾਂ 'ਚ ਲਗਭਗ ਅੱਧੇ ਹਵਾਈ ਅੱਡੇ ਅਮਰੀਕਾ ਅਤੇ ਯੂਰਪ 'ਚ ਹਨ। ਯੂਰਪ 'ਚ ਏਅਰ ਇੰਡੀਆ ਲੰਦਨ, ਪੈਰਿਸ, ਫਰੈਂਕਫਰਟ ਸਮੇਤ 10 ਥਾਵਾਂ ਲਈ, ਜਦਕਿ ਅਮਰੀਕਾ 'ਚ ਸ਼ਿਕਾਗੋ ਸਮੇਤ 5 ਥਾਵਾਂ ਲਈ ਉਡਾਣਾਂ ਦਾ ਸੰਚਾਲਨ ਕਰਦੀ ਹੈ।

ਇਨ੍ਹਾਂ ਸਾਰੀਆਂ ਥਾਵਾਂ ਲਈ ਪਾਕਿਸਤਾਨ ਦੇ ਉਪਰੋਂ ਉਡਾਣਾਂ ਜਾਂਦੀਆਂ ਸਨ। ਹਾਲਾਂਕਿ 27 ਫ਼ਰਵਰੀ ਤੋਂ ਪਾਕਿਸਤਾਨੀ ਹਵਾਈ ਖੇਤਰ 'ਚ ਪਾਬੰਦੀ ਲੱਗਣ ਮਗਰੋਂ ਉਡਾਣਾਂ ਨੂੰ ਖਾੜੀ ਦੇਸ਼ਾਂ ਦੇ ਉੱਪਰ ਤੋਂ ਜਾਣਾ ਪੈ ਰਿਹਾ ਹੈ। ਇਸ ਨਾਲ ਉਡਾਣਾਂ ਦੇ ਸਮੇਂ 'ਚ 2 ਘੰਟੇ ਤਕ ਦਾ ਵਾਧਾ ਹੋ ਰਿਹਾ ਹੈ ਅਤੇ ਤੇਲ ਦੀ ਖ਼ਪਤ 'ਚ ਵੀ ਕਾਫ਼ੀ ਵਾਧਾ ਹੋ ਗਿਆ ਹੈ।

ਉਧਰ ਅਮਰੀਕਾ ਦੀਆਂ ਉਡਾਣਾਂ 'ਚ ਵਾਧੂ ਸਟੋਪੇਜ਼ ਲੈਣ ਦੀ ਵੀ ਲੋੜ ਪੈ ਰਹੀ ਹੈ। ਇਸ ਨਾਲ ਉਡਾਣਾਂ ਦਾ ਖ਼ਰਚਾ ਵੱਧ ਰਿਹਾ ਹੈ। ਕੰਪਨੀ ਨੇ ਵਿਆਨਾ ਅਤੇ ਬਰਮਿੰਘਮ ਦੀਆਂ ਉਡਾਣਾਂ 'ਤੇ ਹਾਲ ਹੀ 'ਚ ਰੋਕ ਵੀ ਲਗਾ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪਾਕਿਸਤਾਨ ਦੀ ਸਰਕਾਰ ਨੇ ਭਾਰਤ, ਮਲੇਸ਼ੀਆ ਅਤੇ ਥਾਈਲੈਂਡ ਤੋਂ ਇਲਾਵਾ ਬਾਕੀ ਸਾਰੇ ਦੇਸ਼ਾਂ ਲਈ ਚੱਲਣ ਵਾਲੀਆਂ ਉਡਾਣਾਂ ਲਈ ਆਪਣੇ ਹਵਾਈ ਖੇਤਰ ਤੋਂ ਪਾਬੰਦੀ ਹਟਾ ਲਈ ਸੀ।