ਏਅਰ ਇੰਡੀਆ ਬੋਰਡਿੰਗ ਪਾਸ 'ਤੇ ਮੋਦੀ ਦੀ ਤਸਵੀਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਜੇ ਰੂਪਾਣੀ ਦੀਆਂ ਤਸਵੀਰਾਂ ਦੇ ਨਾਲ ਬੋਰਡਿੰਗ ਪਾਸ ਜਾਰੀ ਕਰਨ ਨੂੰ ਲੈ ਕੇ ਏਅਰ ਇੰਡੀਆ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

Narendar Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਦੀਆਂ ਤਸਵੀਰਾਂ ਦੇ ਨਾਲ ਬੋਰਡਿੰਗ ਪਾਸ ਜਾਰੀ ਕਰਨ ਨੂੰ ਲੈ ਕੇ ਏਅਰ ਇੰਡੀਆ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਸੋਮਵਾਰ ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਅਪਣੇ ਬੋਰਡਿੰਗ ਪਾਸ ਦੀ ਤਸਵੀਰ ਟਵੀਟ ਕਰਦੇ ਹੋਏ ਸਵਾਲ ਪੁੱਛਿਆ ਕਿ ਦੋਵੇਂ ਨੇਤਾਵਾਂ ਦੀਆਂ ਤਸਵੀਰਾਂ ਇਸ 'ਤੇ ਕਿਵੇਂ ਹੋ ਸਕਦੀਆਂ ਹਨ?

ਉਨ੍ਹਾਂ ਟਵੀਟ ਕੀਤਾ ਕਿ ਅੱਜ 25 ਮਾਰਚ 2019 ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਮੇਰੇ ਏਅਰ ਇੰਡੀਆ ਬੋਰਡਿੰਗ ਪਾਸ ਵਿਚ ਨਰਿੰਦਰ ਮੋਦੀ, ਵਾਈਬ੍ਰੈਂਟ ਗੁਜਰਾਤ, ਅਤੇ ਵਿਜੈ ਰੂਪਾਣੀ ਦੀਆਂ ਤਸਵੀਰਾਂ ਹਨ। ਸ਼ਸ਼ੀ ਕਾਂਤ ਨੇ ਬੋਰਡਿੰਗ ਪਾਸ ਦੀ ਤਸਵੀਰ ਹੇਠਾਂ ਲਿਖਿਆ ਹੈ ''ਹੈਰਾਨੀ ਹੋ ਰਹੀ ਹੈ ਕਿ ਅਸੀਂ ਇਸ ਚੋਣ ਕਮਿਸ਼ਨ 'ਤੇ ਪੈਸਾ ਬਰਬਾਦ ਕਿਉਂ ਕਰ ਰਹੇ ਹਾਂ ਜੋ ਨਾ ਦੇਖਦਾ ਹੈ, ਨਾ ਸੁਣਦਾ ਹੈ ਅਤੇ ਨਾ ਹੀ ਬੋਲਦਾ ਹੈ।''

ਉਧਰ ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਇਹ ਬੋਰਡਿੰਗ ਪਾਸ ਉਹੀ ਹਨ ਜੋ ਜਨਵਰੀ ਵਿਚ ਹੋਏ ਵਾਈਬ੍ਰੈਂਟ ਗੁਜਰਾਤ ਸੰਮੇਲਨ ਦੌਰਾਨ ਛਪੇ ਸਨ ਅਤੇ ਤਸਵੀਰਾਂ ਤੀਜੇ ਪੱਖ ਦੇ ਇਸ਼ਤਿਹਾਰਾਂ ਦਾ ਹਿੱਸਾ ਹਨ। ਉਨ੍ਹਾਂ ਆਖਿਆ ਇਸ ਦਾ ਏਅਰ ਇੰਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਤੀਜੇ ਪੱਖ ਦੇ ਇਸ਼ਤਿਹਾਰ ਆਦਰਸ਼ ਚੋਣ ਜ਼ਾਬਤੇ ਦੇ ਦਾਇਰੇ ਵਿਚ ਆਉਂਦੇ ਹਨ ਜਾਂ ਨਹੀਂ ਜੇਕਰ ਆਉਂਦੇ ਹੋਏ ਤਾਂ ਇਨ੍ਹਾਂ ਨੂੰ ਹਟਾਇਆ ਜਾਵੇਗਾ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਰੇਲ ਟਿਕਟਾਂ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਲੈ ਕੇ ਵੀ ਬਵਾਲ ਖੜ੍ਹਾ ਹੋਇਆ ਸੀ। ਤ੍ਰਿਣਮੂਲ ਕਾਂਗਰਸ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਮਗਰੋਂ 20 ਮਾਰਚ ਨੂੰ ਰੇਲਵੇ ਨੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਵਾਪਸ ਲੈ ਲਈਆਂ ਸਨ। ਰੇਲਵੇ ਨੇ ਵੀ ਇਨ੍ਹਾਂ ਦੇ ਤੀਜੇ ਪੱਖ ਦੇ ਇਸ਼ਤਿਹਾਰ ਹੋਣ ਦੀ ਗੱਲ ਆਖੀ ਸੀ।