ਵਿਜ ਨੇ ਸਿੱਧੂ ਨੂੰ ਕਿਹਾ 'ਜੋਕਰ', ਮਸੂਦ ਨੂੰ ਦਸਿਆ ਕਾਂਗਰਸ ਦਾ ਰਿਸ਼ਤੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਸਰਕਸ ਵਿਚ ਜਦੋਂ ਕੋਈ ਸੁਣਨ ਵਾਲਾ ਨਹੀਂ ਹੁੰਦਾ ਤਾਂ ਜੋਕਰ ਨੂੰ ਖੜ੍ਹਾ ਕਰ ਦਿਤਾ ਜਾਂਦਾ ਹੈ, ਤਾਂ ਕਿ ਉਹ ਲੋਕਾਂ ਦਾ ਮਨੋਰੰਜਨ ਕਰੇ

Anil Vij said terrorist Masood Azhar is a relative of Congress

ਅੰਬਾਲਾ : ਆਪਣੇ ਬਿਆਨ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 'ਜੋਕਰ' ਕਹਿ ਦਿੱਤਾ। ਅਸਲ ਵਿਚ ਨਵਜੋਤ ਸਿੱਧੂ, ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਲਈ ਪ੍ਰਚਾਰ ਲਈ ਇਥੇ ਆਏ ਸਨ। ਵਿਜ ਨੇ ਕਿਹਾ ਜਿਵੇਂ ਸਰਕਸ 'ਚ ਇਕ ਜੋਕਰ ਹੁੰਦਾ ਹੈ, ਉਸੇ ਤਰ੍ਹਾਂ ਸਿੱਧੂ ਵੀ ਕਾਂਗਰਸ ਦੇ ਜੋਕਰ ਹਨ।

ਸਰਕਸ ਵਿਚ ਜਦੋਂ ਕੋਈ ਸੁਣਨ ਵਾਲਾ ਨਹੀਂ ਹੁੰਦਾ ਤਾਂ ਜੋਕਰ ਨੂੰ ਖੜ੍ਹਾ ਕਰ ਦਿਤਾ ਜਾਂਦਾ ਹੈ, ਤਾਂ ਕਿ ਉਹ ਲੋਕਾਂ ਦਾ ਮਨੋਰੰਜਨ ਕਰੇ। ਇਸੇ ਤਰ੍ਹਾਂ ਕਾਂਗਰਸ ਦੀ ਜਦੋਂ ਕੋਈ ਨਹੀਂ ਸੁਣ ਰਿਹਾ ਹੁੰਦਾ, ਤਾਂ ਉੱਥੇ ਸਿੱਧੂ ਨੂੰ ਲੋਕਾਂ ਦਾ ਮਨੋਰੰਜਨ ਕਰਨ ਲਈ ਭੇਜ ਦਿਤਾ ਜਾਂਦਾ ਹੈ। ਵਿਜ ਨੇ ਕਿਹਾ ਕਿ ਸਿੱਧੂ ਇਕ ਸਮੇਂ ਮੋਦੀ ਸਰਕਾਰ ਦੇ ਗੀਤ ਗਾਉਂਦੇ ਨਹੀਂ ਥੱਕਦੇ ਸਨ ਅਤੇ ਹੁਣ ਉਹ ਕਾਂਗਰਸ ਵਿਚ ਰਿੰਗਮਾਸਟਰ ਦੇ ਹੁਕਮ 'ਤੇ ਨੱਚਦੇ ਹਨ। 

ਉਨ੍ਹਾਂ ਇਸ ਦੇ ਨਾਲ ਹੀ ਜੈਸ਼-ਏ-ਮੁਹੰਮਦ ਦੇ ਸਰਗਨਾ ਅਜ਼ਹਰ ਮਸੂਦ ਨੂੰ ਸੰਯੁਕਤ ਰਾਸ਼ਟਰ ਵਲੋਂ ਆਲਮੀ ਅਤਿਵਾਦੀ ਕਰਾਰ ਦਿਤੇ ਜਾਣ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਕੂਟਨੀਤਕ ਜਿੱਤ ਦੱਸਿਆ ਹੈ। ਇਸ 'ਤੇ ਵੀ ਵਿਜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਗਾਇਆ ਅਤੇ ਕਿਹਾ ਕਿ ਉਹ ਮਸੂਦ ਦਾ ਐਨੀ ਇੱਜ਼ਤ ਨਾਲ ਨਾਂ ਲੈਂਦੇ ਹਨ ਜਿਵੇਂ ਕਿ ਉਹ ਉਨ੍ਹਾਂ ਦਾ ਅਤੇ ਪਾਰਟੀ ਦਾ ਰਿਸ਼ਤੇਦਾਰ ਹੈ। ਰਾਹੁਲ, ਮੋਦੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਲਈ ਸੁਪਰੀਮ ਕੋਰਟ ਵਿਚ ਤਾਂ ਮੁਆਫ਼ੀ ਮੰਗਦੇ ਹਨ ਪਰ ਬਾਹਰ ਆ ਕੇ ਖ਼ੁਦ ਨੂੰ ਹੀਰੋ ਦਿਖਾਉਣ ਦਾ ਕੰਮ ਕਰਦੇ ਹੈ।