ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿਚ ਹਨ ਤੇਜ ਬਹਾਦਰ
ਜਾਣੋ, ਤੇਜ ਬਹਾਦਰ ਦਾ ਨਾਮਜ਼ਦਗੀ ਪੱਤਰ ਖਾਰਜ ਕਿਉਂ ਕੀਤਾ ਗਿਆ।
ਨਵੀਂ ਦਿੱਲੀ: ਪੀਐਮ ਮੋਦੀ ਵਿਰੁੱਧ ਚੋਣ ਮੈਦਾਨ ਵਿਚ ਉੱਤਰੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਗਿਆ ਹੈ। ਉਹ ਸੁਪਰੀਮ ਕੋਰਟ ਜਾਣ ਦੀ ਤਿਆਰੀ ਵਿਚ ਹਨ। ਅਸਲ ਵਿਚ ਵਾਰਾਣਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਸੁਰਿੰਦਰ ਸਿੰਘ ਨੇ ਮੰਗਲਵਾਰ ਨੂੰ ਤੇਜ ਬਹਾਦੁਰ ਯਾਦਵ ਦੇ ਨਾਮਜ਼ਦਗੀ ਪੱਤਰ ਵਿਚ ਦੋ ਥਾਵਾਂ ’ਤੇ ਕਮੀਆਂ ਦੇਖਦੇ ਹੋਏ ਉਸ ਨੂੰ ਬੁੱਧਵਾਰ 11 ਵਜੇ ਤਕ ਅਸਲੀ ਦਸਤਾਵੇਜ਼ ਲਿਆਉਣ ਨੂੰ ਕਿਹਾ ਸੀ।
ਧਿਆਨ ਦੇਣ ਯੋਗ ਹੈ ਕਿ ਤੇਜ ਬਹਾਦੁਰ ਯਾਦਵ ਨੇ 24 ਅਪ੍ਰੈਲ ਨੂੰ ਨਿਰਦਲੀਏ ਅਤੇ 29 ਅਪ੍ਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਕਰਵਾਈ ਸੀ। ਉਹਨਾਂ ਨੇ ਬਰਖ਼ਾਸਤੀ ਦੇ ਦੋ ਵੱਖ ਵੱਖ ਕਾਰਨ ਦਸੇ ਸਨ। ਇਹ ਦੇਖਦੇ ਹੋਏ ਚੋਣ ਦਫ਼ਤਰ ਨੇ ਯਾਦਵ ਨੂੰ ਨੋਟਿਸ ਜਾਰੀ ਕਰ ਦਿੱਤਾ ਅਤੇ ਅਸਲੀ ਦਸਤਾਵੇਜ਼ ਲਿਆਉਣ ਦਾ ਨਿਰਦੇਸ਼ ਦਿੱਤਾ।
ਜ਼ਿਲ੍ਹਾ ਮਜਿਸਟ੍ਰੇਟ ਸੁਰਿੰਦਰ ਸਿੰਘ ਨੇ ਜਨਤਕ ਨੁਮਾਇੰਦਗੀ ਕਾਨੂੰਨ ਦੀ ਧਾਰਾ 9 ਅਤੇ ਧਾਰਾ 33 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੇਜ ਬਹਾਦੁਰ ਯਾਦਵ ਦੀ ਨਾਮਜ਼ਦਗੀ ਇਸ ਲਈ ਸਵੀਕਾਰ ਨਹੀਂ ਕੀਤੀ ਕਿਉਂਕਿ ਉਹ ਨਿਰਧਾਰਿਤ ਸਮੇਂ ਦਸਤਾਵੇਜ਼ਾਂ ਨੂੰ ਪੇਸ਼ ਨਹੀਂ ਕਰ ਸਕੇ ਸਨ। ਐਕਟ ਦੀ ਧਾਰਾ 9 ਕੌਮ ਪ੍ਰਤੀ ਵਫ਼ਾਦਾਰੀ ਨਾ ਰੱਖਣ ਵਾਲੇ ਜਾਂ ਭ੍ਰਿਸ਼ਟਾਚਾਰ ਲਈ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਜਾਂ ਰਾਜ ਸਰਕਾਰ ਦੀ ਨੌਕਰੀ ਤੋਂ ਬਰਖ਼ਾਸਤ ਵਿਅਕਤੀ ਨੂੰ ਚੋਣਾਂ ਲੜਨ ਤੋਂ ਰੋਕਦੀ ਹੈ।
ਧਾਰਾ 33 ਵਿਚ ਉਮੀਦਵਾਰ ਨੂੰ ਚੋਣ ਕਮਿਸ਼ਨਰ ਨੂੰ ਇਕ ਪ੍ਰਮਾਣ ਪੱਤਰ ਪੇਸ਼ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਸ ਨੂੰ ਪਿਛਲੇ ਪੰਜ ਸਾਲਾਂ ਵਿਚ ਇਹਨਾਂ ਦੋਸ਼ਾ ਦੇ ਲਈ ਬਰਖ਼ਾਸਤ ਨਹੀਂ ਕੀਤਾ ਗਿਆ। ਜ਼ਿਲ੍ਹਾ ਮਜਿਸਟ੍ਰੇਟ ਨੇ ਦਾਅਵਾ ਕੀਤਾ ਹੈ ਕਿ ਤੇਜ ਬਹਾਦੁਰ ਯਾਦਵ ਅਤੇ ਉਸ ਦੀ ਟੀਮ ਨੂੰ ਕਾਫੀ ਸਮਾਂ ਦਿੱਤਾ ਗਿਆ ਸੀ ਪਰ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।