ਬੋਧ ਗਯਾ ਧਮਾਕਾ ਮਾਮਲਾ : ਪੰਜ ਦੋਸ਼ੀਆਂ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 2013 ਵਿਚ ਵਾਪਰੇ ਬੋਧ ਗਯਾ ਬੰਬ ਧਮਾਕੇ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਇੰਡੀਅਨ ਮੁਜਾਇਦੀਨ ਦੇ ਪੰਜ ਅਤਿਵਾਦੀਆਂ ...

Police escorting accused

ਪਟਨਾ, ਸਾਲ 2013 ਵਿਚ ਵਾਪਰੇ ਬੋਧ ਗਯਾ ਬੰਬ ਧਮਾਕੇ ਦੇ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਇੰਡੀਅਨ ਮੁਜਾਇਦੀਨ ਦੇ ਪੰਜ ਅਤਿਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ ਪੰਜ ਦੋਸ਼ੀਆਂ ਇਮਤਿਆਜ਼ ਅਨਸਾਰੀ, ਹੈਦਰ ਅਲੀ, ਮੁਜਿਬ ਉਲਾਹ, ਉਮੇਰ ਸਿੱਦੀਕੀ ਅਤੇ ਅਜ਼ਹਰੂਦੀਨ ਕੁਰੈਸ਼ੀ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।

ਪਟਨਾ ਤੋਂ ਲਗਭਗ 90 ਕਿਲੋਮੀਟਰ ਦੂਰ ਸੱਤ ਜੁਲਾਈ 2013 ਨੂੰ ਲੜੀਵਾਰ ਧਮਾਕੇ ਹੋਏ ਸਨ ਜਿਨ੍ਹਾਂ ਵਿਚ ਕਈ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ ਪਰ ਕਿਸੇ ਦੀ ਮੌਤ ਨਹੀਂ ਸੀ ਹੋਈ। ਇਸ ਮਾਮਲੇ ਵਿਚ ਇਨ੍ਹਾਂ ਪੰਜ ਦੋਸ਼ੀਆਂ ਤੋਂ ਇਲਾਵਾ ਤੌਫ਼ੀਕ ਅਹਿਮਦ ਨੂੰ ਪਿਛਲੇ ਸਾਲ ਜੁਵੇਨਾਈਲ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ ਜਿਸ ਨੂੰ ਤਿੰਨ ਸਾਲ ਲਈ ਬਾਲ ਸੁਧਾਰ ਗ੍ਰਹਿ ਵਿਖੇ ਭੇਜਿਆ ਗਿਆ ਸੀ। 

ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰੀ ਵਕੀਲ ਲਲਨ ਕੁਮਾਰ ਸਿਨਹਾ ਨੇ ਕਿਹਾ ਕਿ ਦੋਸ਼ੀਆਂ ਦਾ ਮਕਸਦ ਵੱਡੀ ਗਿਣਤੀ ਵਿਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਸੀ, ਇਸ ਲਈ ਇਨ੍ਹਾਂ ਨੂੰ ਮਿਸਾਲੀ ਸਜ਼ਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਕਿਉਂਕਿ ਇਨ੍ਹਾਂ ਧਮਾਕਿਆਂ ਵਿਚ ਕਿਸੇ ਦੀ ਮੌਤ ਨਹੀਂ ਹੋਈ ਸੀ, ਇਸ ਲਈ ਅਦਾਲਤ ਨੇ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿਤੀ। ਸਿਨਹਾ ਨੇ ਕਿਹਾ ਕਿ ਹੈਦਰ ਅਲੀ ਨੂੰ 10 ਹਜ਼ਾਰ ਰੁਪਏ ਦਾ ਵਾਧੂ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਕਿ ਧਮਾਕਿਆਂ ਤੋਂ ਕੁੱਝ ਸਮੇਂ ਪਹਿਲਾਂ ਹੀ ਹੈਦਰ ਬੋਧੀ ਮੰਦਰ ਵਿਚ ਦਾਖ਼ਲ ਹੋਇਆ ਸੀ। 

ਅਦਾਲਤ ਦੇ ਫ਼ੈਸਲੇ 'ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਬਚਾਅ ਪੱਖ ਦੇ ਵਕੀਲ ਸੂਰਿਆ ਪ੍ਰਕਾਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਇਹ ਦੋਸ਼ੀ ਹਾਲੇ ਜਵਾਨ ਹਨ ਅਤੇ ਟਰਾਇਲ ਦੌਰਾਨ ਇਨ੍ਹਾਂ ਦਾ ਵਤੀਰਾ ਵੀ ਚੰਗਾ ਸੀ, ਇਸ ਲਈ ਇਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿਤੀ ਜਾਵੇ ਪਰ ਅਦਾਲਤ ਨੇ ਉਨ੍ਹਾਂ ਦੀ ਇਸ ਅਪੀਲ 'ਤੇ ਕੋਈ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਉਹ ਜਦ ਇਸ ਫ਼ੈਸਲੇ ਵਿਰੁਧ ਉੱਚ ਅਦਾਲਤ ਵਿਚ ਅਪੀਲ ਕਰਨਗੇ ਤਾਂ ਉਨ੍ਹਾਂ ਦੀ ਟਿਪਣੀ 'ਤੇ ਧਿਆਨ ਦਿਤਾ ਜਾਵੇਗਾ ਅਤੇ ਹੇਠਲੀ ਅਦਾਲਤ ਦਾ ਫ਼ੈਸਲਾ ਪਲਟ ਦਿਤਾ ਜਾਵੇਗਾ। (ਪੀ.ਟੀ.ਆਈ.)