PM ਨੂੰ ਅਪੀਲ ਹੈ ਕਿ ਸਾਰੇ AAP ਆਗੂਆਂ ਨੂੰ ਇਕੱਠਿਆਂ ਨੂੰ ਗ੍ਰਿਫ਼ਤਾਰ ਕਰ ਲਓ- ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਸਤੇਂਦਰ ਜੈਨ ਤੋਂ ਬਾਅਦ ਸਰਕਾਰ ਮਨੀਸ਼ ਸਿਸੋਦੀਆ 'ਤੇ ਵੀ ਝੂਠਾ ਕੇਸ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਕੇਂਦਰ ਸਰਕਾਰ

Delhi CM Arvind Kejriwal

 


ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੁੜ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰੈੱਸ ਕਾਨਫਰੰਸ 'ਚ ਉਹਨਾਂ ਇਲਜ਼ਾਮ ਲਾਇਆ ਹੈ ਕਿ ਸਤੇਂਦਰ ਜੈਨ ਤੋਂ ਬਾਅਦ ਸਰਕਾਰ ਮਨੀਸ਼ ਸਿਸੋਦੀਆ 'ਤੇ ਵੀ ਝੂਠਾ ਕੇਸ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਹੈ। ਇਕ ਦਿਨ ਪਹਿਲਾਂ ਸਮ੍ਰਿਤੀ ਇਰਾਨੀ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਸਤੇਂਦਰ ਜੈਨ ਗ੍ਰਿਫ਼ਤਾਰ ਹੋਣ ਦੇ ਬਾਵਜੂਦ ਮੰਤਰੀ ਕਿਉਂ ਬਣੇ ਰਹੇ?

Arvind Kejriwal

ਦੂਜੇ ਪਾਸੇ ਵੀਰਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਅਲਾਟ ਕੀਤਾ ਗਿਆ ਵਿਭਾਗ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤਾ ਗਿਆ ਹੈ। ਜੈਨ ਮਨੀ ਲਾਂਡਰਿੰਗ ਮਾਮਲੇ 'ਚ 9 ਜੂਨ ਤੱਕ ਈਡੀ ਦੀ ਹਿਰਾਸਤ 'ਚ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹੀ ਦੱਸਿਆ ਸੀ ਕਿ ਸਰਕਾਰ ਸਤੇਂਦਰ ਜੈਨ ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰਨ ਜਾ ਰਹੀ ਹੈ। ਕੱਲ੍ਹ ਹੀ ਸੂਤਰਾਂ ਤੋਂ ਖਬਰ ਆਈ ਸੀ ਕਿ ਅਗਲੇ ਕੁਝ ਦਿਨਾਂ 'ਚ ਮਨੀਸ਼ ਸਿਸੋਦੀਆ ਨਾਲ ਵੀ ਅਜਿਹਾ ਹੀ ਹੋਣ ਵਾਲਾ ਹੈ। ਸਰਕਾਰ ਨੇ ਸਾਰੀਆਂ ਜਾਂਚ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਮਨੀਸ਼ ਸਿਸੋਦੀਆ ਖਿਲਾਫ਼ ਫਰਜ਼ੀ ਕੇਸ ਬਣਾਉਣ।

Satyendra Kumar Jain

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਕ-ਇਕ ਕਰਕੇ ਜੇਲ੍ਹ ਵਿਚ ਸੁੱਟਣ ਦੀ ਬਜਾਏ ‘ਆਪ’ ਦੇ ਸਾਰੇ ਮੰਤਰੀਆਂ, ਵਿਧਾਇਕਾਂ ਨੂੰ ਜੇਲ੍ਹ ਵਿਚ ਡੱਕ ਦਿਓ। ਸਾਰੀਆਂ ਏਜੰਸੀਆਂ ਨੂੰ ਕਿਹਾ ਕਿ ਉਹ ਸਾਰੀ ਜਾਂਚ ਇਕੱਠੀ ਕਰਨ। ਤੁਸੀਂ ਹਰ ਮੰਤਰੀ ਨੂੰ ਗ੍ਰਿਫਤਾਰ ਕਰਦੇ ਹੋ, ਇਹ ਲੋਕਾਂ ਦੇ ਕੰਮਾਂ ਵਿਚ ਰੁਕਾਵਟ ਪਾਉਂਦਾ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸਾਂ ਵਿਚ ਜੇਲ੍ਹ ਵਿਚ ਬੰਦ ਕਰਕੇ ਇਹ ਲੋਕ ਦਿੱਲੀ ਵਿਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਹੋ ਰਹੇ ਚੰਗੇ ਕੰਮ ਨੂੰ ਰੋਕਣਾ ਚਾਹੁੰਦੇ ਹਨ ਪਰ ਚਿੰਤਾ ਨਾ ਕਰੋ, ਮੈਂ ਅਜਿਹਾ ਨਹੀਂ ਹੋਣ ਦੇਵਾਂਗਾ ਹੋਵੇ। ਸਾਰੇ ਚੰਗੇ ਕੰਮ ਜਾਰੀ ਰਹਿਣਗੇ।"

Manish Sisodia

ਉਹਨਾਂ ਅੱਗੇ ਕਿਹਾ ਕਿ ਮਨੀਸ਼ ਸਿਸੋਦੀਆ ਭਾਰਤ ਦੀ ਸਿੱਖਿਆ ਕ੍ਰਾਂਤੀ ਦੇ ਪਿਤਾਮਾ ਹਨ, ਸ਼ਾਇਦ ਉਹ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 18 ਲੱਖ ਬੱਚੇ ਪੜ੍ਹਦੇ ਹਨ, ਮਨੀਸ਼ ਜੀ ਨੇ ਇਹਨਾਂ ਬੱਚਿਆਂ ਨੂੰ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ, ਪਤਾ ਨਹੀਂ ਜੈਨ, ਸਿਸੋਦੀਆ ਨੂੰ ਜੇਲ੍ਹ ਭੇਜਣ ਪਿੱਛੇ ਕੀ ਰਾਜਨੀਤੀ ਹੈ, ਇਸ ਨਾਲ ਦੇਸ਼ ਦਾ ਹੀ ਨੁਕਸਾਨ ਹੋਵੇਗਾ”।