2 ਸਾਲਾਂ ਵਿਚ 800 ਤੋਂ ਜ਼ਿਆਦਾ ਹਿੰਦੂ ਅਤੇ 35 ਮੁਸਲਮਾਨਾਂ ਨੇ ਮੰਗੀ ਧਰਮ ਬਦਲਣ ਦੀ ਇਜਾਜ਼ਤ: ਰੂਪਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜੈ ਰੂਪਾਣੀ ਨੇ ਦੱਸਿਆ ਕਿ 911 ਵਿਚੋਂ 689 ਲੋਕਾਂ ਨੂੰ ਧਰਮ ਬਦਲਣ ਦੀ ਇਜਾਜ਼ਤ ਦਿੱਤੀ ਗਈ ਹੈ।

Gujarat Chief Minister Vijay Rupani

ਗੁਜਰਾਤ: ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਕਿਹਾ ਕਿ ਸੂਬੇ ਵਿਚ ਪਿਛਲੇ ਦੋ ਸਾਲਾਂ ਦੌਰਾਨ 863 ਹਿੰਦੂਆਂ ਅਤੇ 35 ਮੁਸਲਮਾਨਾਂ ਸਮੇਤ 911 ਲੋਕਾਂ ਨੇ ਅਪਣਾ ਧਰਮ ਬਦਲਣ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਸੀਐਮ ਵਿਜੈ ਰੂਪਾਣੀ ਨੇ ਦੱਸਿਆ ਕਿ 911 ਵਿਚੋਂ 689 ਲੋਕਾਂ ਨੂੰ ਧਰਮ ਬਦਲਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਜਰਾਤ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋਇਆ।

ਕਾਂਗਰਸ ਦੇ ਵਿਧਾਇਕਾਂ ਨੇ ਗ੍ਰਹਿ ਵਿਭਾਗ ਤੋਂ ਧਰਮ ਬਦਲਣ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀ ਪਿਛਲੇ ਦੋ ਸਾਲਾਂ ਦੀ ਜਾਣਕਾਰੀ ਮੰਗੀ ਸੀ। ਇਸ ਜਾਣਕਾਰੀ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਇਹ ਸੂਚਨਾ ਦਿੱਤੀ ਹੈ। ਰੂਪਾਣੀ ਨੇ ਦੱਸਿਆ ਕਿ 911 ਅਰਜ਼ੀ ਪੱਤਰਾਂ ਵਿਚੋਂ ਹਿੰਦੂਆਂ ਦੀਆਂ 863, ਮੁਸਲਮਾਨਾਂ ਦੀਆਂ 35, ਈਸਾਈਆਂ ਦੀਆਂ 11 ਅਰਜ਼ੀਆਂ ਮਿਲੀਆਂ ਹਨ। ਉਹਨਾਂ ਨੇ ਦੱਸਿਆ ਕਿ ਧਰਮ ਬਦਲਣ ਦੀਆਂ ਅਰਜ਼ੀਆਂ ਵਿਚ ਹਿੰਦੂਆਂ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ ਸੂਰਤ ਜ਼ਿਲ੍ਹੇ (474) ਦੇ ਲੋਕਾਂ ਦੀ ਹੈ।

ਇਸ ਤੋਂ ਬਾਅਦ ਜੂਨਾਗੜ (152) ਅਤੇ ਆਣੰਦ (61) ਦੇ ਹਿੰਦੂਆਂ ਨੇ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਗੁਜਰਾਤ ਧਾਰਮਕ ਅਜ਼ਾਦੀ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਅਪਣਾ ਧਰਮ ਬਦਲਣਾ ਚਾਹੁੰਦਾ ਹੈ ਇਸ ਦੇ ਲਈ ਸਰਕਾਰੀ ਅਧਿਕਾਰੀਆਂ ਤੋਂ ਇਜਾਜ਼ਤ ਲੈਣਾ ਲਾਜ਼ਮੀ ਹੈ। ਜ਼ਬਰਦਸਤੀ ਧਰਮ ਬਦਲੀ ਰੋਕਣ ਦੇ ਲਈ ਇਹ ਕਾਨੂੰਨ 2008 ਵਿਚ ਲਾਗੂ ਕੀਤਾ ਗਿਆ ਸੀ।