ਵਿਜੇਵਰਗੀਆ ਦੇ ਮਾਮਲੇ 'ਤੇ ਪੀਐਮ ਨੇ ਕੀਤੀ ਅਜਿਹੀ ਟਿੱਪਣੀ
ਆਕਾਸ਼ ਵਿਜੇਵਰਗੀਆ ਨੇ ਨਗਰ ਨਿਗਮ ਅਧਿਕਾਰੀ ਦੀ ਕੀਤੀ ਸੀ ਕੁੱਟਮਾਰ
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿਚ ਨਗਰ ਨਿਗਮ ਅਧਿਕਾਰੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਹੁਣ ਪੀਐਮ ਮੋਦੀ ਨੇ ਟਿੱਪਣੀ ਕੀਤੀ ਹੈ। ਸੂਤਰਾਂ ਮੁਤਾਬਕ ਪੀਐਮ ਮੋਦੀ ਨੇ ਕਿਹਾ ਹੈ ਕਿ ਚਾਹੇ ਕਿਸੇ ਦਾ ਵੀ ਬੇਟਾ ਹੋਵੇ ਉਸ ਨੂੰ ਪਾਰਟੀ 'ਚੋਂ ਕੱਡ ਦੇਣਾ ਚਾਹੀਦਾ ਹੈ। ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਪੀਐਮ ਮੋਦੀ ਨੇ ਆਕਾਸ਼ ਵਿਜੇਵਰਗੀਆ ਦਾ ਨਾਮ ਲਏ ਬਿਨਾਂ ਹੀ ਕਿਹਾ ਕਿ ਅਜਿਹਾ ਵਰਤਾਓ ਬਰਦਾਸ਼ ਨਹੀਂ ਕੀਤਾ ਜਾਵੇਗਾ। ਫਿਰ ਚਾਹੇ ਉਹ ਕਿਸੇ ਦਾ ਵੀ ਪੁੱਤਰ ਹੋਵੇ।
ਭਾਜਪਾ ਸੰਸਦ ਆਰਪੀ ਰੂਡੀ ਨੇ ਦਸਿਆ ਕਿ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਵਿਚ ਪੀਐਮ ਮੋਦੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਬੁਰਾ ਵਰਤਾਓ ਜੋ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਦਾ ਹੈ ਉਸ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਜੇ ਕੋਈ ਕੁਝ ਗ਼ਲਤ ਕਰਦਾ ਹੈ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਹ ਸਾਰਿਆਂ ਤੇ ਲਾਗੂ ਹੁੰਦਾ ਹੈ। ਇਸ ਤੋਂ ਪਹਿਲਾਂ ਆਕਾਸ਼ ਵਿਜੇਵਰਗੀਆ ਦੇ ਪਿਤਾ ਕੈਲਾਸ਼ ਵਿਜੇਵਰਗੀਆ ਨੇ ਵੀ ਇਸ ਘਟਨਾ ਤੇ ਅਪਣਾ ਰਿਐਕਸ਼ਨ ਦਿੱਤਾ ਸੀ।
ਉਹਨਾਂ ਨੇ ਅਪਣੇ ਬੇਟੇ ਦੇ ਨਾਲ ਰਾਜ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ ਸੀ ਕਿ ਸਰਕਾਰੀ ਕਰਮਚਾਰੀਆਂ ਨੂੰ ਹੰਕਾਰ ਨਹੀਂ ਦਿਖਾਉਣਾ ਚਾਹੀਦਾ। ਦੋਵਾਂ ਪਾਸਿਆਂ ਤੋਂ ਗ਼ਲਤੀ ਹੋਈ ਹੈ ਕਿਉਂ ਕਿ ਦੋਵੇਂ ਕੱਚੇ ਖਿਡਾਰੀ ਹਨ। ਇੰਦੌਰ ਦੇ ਗੰਜੀ ਕੰਪਾਉਂਡ ਵਿਚ ਇਕ ਖਸਤਾ ਹਾਲਤ ਮਕਾਨ ਨੂੰ ਤੋੜਨ 'ਤੇ ਨਗਰ ਨਿਗਮ ਅਧਿਕਾਰੀ ਦੀ ਆਕਾਸ਼ ਨੇ ਕ੍ਰਿਕਟ ਬੈਟ ਨਾਲ ਕੁੱਟਮਾਰ ਕੀਤੀ ਸੀ।
ਇਸ ਘਟਨਾ ਤੋਂ ਬਾਅਦ ਆਕਾਸ਼ ਵਿਜੇਵਰਗੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਕੁੱਝ ਦਿਨਾਂ ਬਾਅਦ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ। ਬਾਹਰ ਆਉਂਦੇ ਹੀ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਉਹਨਾਂ ਦੇ ਕਈ ਸਮਰਥਕ ਗੋਲੀਬਾਰੀ ਕਰਦੇ ਵੀ ਨਜ਼ਰ ਆਏ। ਜ਼ਮਾਨਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਗਵਾਨ ਉਸ ਨੂੰ ਦੁਬਾਰਾ ਬੱਲੇਬਾਜ਼ੀ ਦਾ ਮੌਕਾ ਨਾ ਦੇਣ। ਇਸ 'ਤੇ ਵਿਰੋਧੀਆਂ ਨੂੰ ਵੀ ਹਮਲਾ ਬੋਲਣ ਦਾ ਮੌਕਾ ਮਿਲ ਗਿਆ ਸੀ।