ਦੂਜੇ ਕਾਰਜਕਾਲ ਦੀ ਪਹਿਲੀ ‘ਮਨ ਕੀ ਬਾਤ’ ਅੱਜ ਕਰਨਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਅੱਜ 30 ਜੂਨ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋ ਰਿਹਾ ਹੈ।

Mann Ki Baat is back

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਅੱਜ 30 ਜੂਨ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋ ਰਿਹਾ ਹੈ। ਸਵੇਰੇ 11 ਵਜੇ ਆਕਾਸ਼ਵਾਣੀ ਅਤੇ ਦੂਰਦਰਸ਼ਨ ‘ਤੇ ਪੀਐਮ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾਵੇਗਾ। ਇਹ ਪੀਐਮ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ‘ਮਨ ਕੀ ਬਾਤ’ ਪ੍ਰੋਗਰਾਮ ਹੋਵੇਗਾ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਕੁਝ ਦਿਨ ਪਹਿਲਾਂ 24 ਫਰਵਰੀ ਨੂੰ ਮੋਦੀ ਨੇ ਮਾਰਚ ਅਤੇ ਅਪ੍ਰੈਲ ਵਿਚ ‘ਮਨ ਕੀ ਬਾਤ’ ਨਹੀਂ ਕਰਨ ਦਾ ਐਲਾਨ ਕੀਤਾ ਸੀ।

ਅਪਣੀ ਵਾਪਸੀ ਦਾ ਯਕੀਨ ਜਿਤਾਉਂਦੇ ਹੋਏ ਮੋਦੀ ਨੇ ਕਿਹਾ ਸੀ ਕਿ ਉਹ ਮਈ ਦੇ ਆਖਰੀ ਐਤਵਾਰ ਨੂੰ ਅਪਣੇ ਪ੍ਰੋਗਰਾਮ ਨਾਲ ਵਾਪਸ ਆਉਣਗੇ। ਹਾਲਾਂਕਿ ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਸੱਤਾ ਵਿਚ ਪਰਤੀ ਭਾਜਪਾ ਨਾਲ ਮੋਦੀ ਨੇ 30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਸੀ। ਇਸ ਤੋਂ ਬਾਅਦ ਇਹ ਪ੍ਰੋਗਰਾਮ ਅੱਗੇ ਕਰ ਦਿੱਤਾ ਗਿਆ, ਜੋ ਕਿ ਹੁਣ ਜੂਨ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਣ ਜਾ ਰਿਹਾ ਹੈ। ਪੀਐਮ ਮੋਦੀ ਨੇ ਟਵੀਟ ਕਰ ਕੇ ‘ਮਨ ਕੀ ਬਾਤ’ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਟਵੀਟ ਵਿਚ ਉਹਨਾਂ ਨੇ ਲਿਖਿਆ ਕਿ ਸਕਾਰਾਤਮਕਤਾ ਦੀ ਸ਼ਕਤੀ ਅਤੇ 130 ਕਰੋੜ ਭਾਰਤੀਆਂ ਦੀ ਤਾਕਤ ਦਾ ਜਸ਼ਨ ਮਨਾਉਣ ਲਈ ਚਾਰ ਮਹੀਨੇ ਬਾਅਦ ‘ਮਨ ਕੀ ਬਾਤ’ ਫਿਰ ਵਾਪਸ ਆ ਰਿਹਾ ਹੈ।

 


 

ਫਰਵਰੀ ਮਹੀਨੇ ਵਿਚ ਆਖਰੀ ਵਾਰ ‘ਮਨ ਕੀ ਬਾਤ’ ਤੋਂ ਬਾਅਦ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਟਵਿਟਰ ‘ਤੇ ਉਹਨਾਂ ਦੇ ਦਫ਼ਤਰ ਵੱਲੋਂ ਕਿਹਾ ਗਿਆ ਸੀ ਕਿ ਲੋਕਤੰਤਰਿਕ ਰਵਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਰੋਕਿਆ ਜਾ ਰਿਹਾ ਹੈ। ਦੱਸ ਦਈਏ ਕਿ ਸਾਲ 2014 ਵਿਚ ਸਰਕਾਰ ਬਣਨ ਤੋਂ ਬਾਅਦ ਅਪਣੇ ਪਹਿਲੇ ਕਾਰਜਕਾਲ ਵਿਚ ਮੋਦੀ ਨੇ ਅਪਣੇ ਮਹੀਨਾਵਾਰੀ ‘ਮਨ ਕੀ ਬਾਤ’ ਦੇ ਜ਼ਰੀਏ 53 ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ।