ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪੂਰੇ ਸਮੇਂ ‘ਤੇ ਪਹੁੰਚੀਆਂ 100 ਫੀਸਦੀ ਟਰੇਨਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਅਪਣੇ ਇਤਿਹਾਸ ਵਿਚ ਪਹਿਲੀ ਵਾਰ ਸਾਰੀਆਂ ਟਰੇਨਾਂ ਦੇ ਸਮੇਂ ਸਿਰ ਪਹੁੰਚਣ ਦਾ ਅਨੋਖਾ ਰਿਕਾਰਡ ਬਣਾਇਆ ਹੈ।

Indian Railway

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਅਪਣੇ ਇਤਿਹਾਸ ਵਿਚ ਪਹਿਲੀ ਵਾਰ ਸਾਰੀਆਂ ਟਰੇਨਾਂ ਦੇ ਸਮੇਂ ਸਿਰ ਪਹੁੰਚਣ ਦਾ ਅਨੋਖਾ ਰਿਕਾਰਡ ਬਣਾਇਆ ਹੈ। ਇਹ ਰਿਕਾਰਡ 1 ਜੁਲਾਈ ਨੂੰ ਬਣਿਆ ਹੈ। ਰੇਲਵੇ ਨੇ ਦੱਸਿਆ ਕਿ 1 ਜੁਲਾਈ ਨੂੰ ਸਾਰੀਆਂ 201 ਟਰੇਨਾਂ ਸਮੇਂ ਸਿਰ ਅਪਣੀ ਮੰਜ਼ਿਲ ‘ਤੇ ਪਹੁੰਚੀਆਂ ਹਨ। ਸਾਰੀਆਂ ਟਰੇਨਾਂ ਦਾ ਸਮੇਂ ‘ਤੇ ਚੱਲਣ ਦਾ ਪਿਛਲਾ ਰਿਕਾਰਡ 23 ਜੂਨ 2020 ਨੂੰ ਸੀ ਜਦੋਂ 99.54 ਫੀਸਟੀ ਟਰੇਨਾਂ ਸਮੇਂ ‘ਤੇ ਚੱਲੀਆਂ ਸਨ।

ਦੱਸ ਦਈਏ ਕਿ ਭਾਰਤੀ ਰੇਲਵੇ ਦੀਆਂ ਟਰੇਨਾਂ ਵਿਚ ਹੋਣ ਵਾਲੀ ਦੇਰ ਕਿਸੇ ਕੋਲੋਂ ਲੁਕੀ ਨਹੀਂ ਹੈ। ਇਸ ਕਾਰਨ ਇਸ ਰਿਕਾਰਡ ਨੂੰ ਰੇਲਵੇ ਦੀ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਹਾਲਾਂਕਿ ਸੱਚਾਈ ਇਹ ਵੀ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੀਆਂ ਸਾਰੀਆਂ ਰੈਗੂਲਰ ਟਰੇਨਾਂ ਨਹੀਂ ਚੱਲ ਰਹੀਆਂ।

ਭਾਰਤੀ ਰੇਲਵੇ ਨੇ ਦੱਸਿਆ ਕਿ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ 100 ਫੀਸਦੀ ਟਰੇਨਾਂ ਦੇ ਸਮੇਂ ‘ਤੇ ਚੱਲਣ ਦਾ ਰਿਕਾਰਡ ਬਣਿਆ ਹੈ। 23 ਜੂਨ 2020 ਨੂੰ 99.54 ਫੀਸਦੀ ਟਰੇਨਾਂ ਸਮੇਂ ‘ਤੇ ਚੱਲੀਆਂ ਸੀ ਜਦਕਿ ਇਕ ਟਰੇਨ ਦੇਰੀ ਨਾਲ ਪਹੁੰਚੀ ਸੀ। ਇਸ ਤੋਂ ਬਾਅਦ ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰ ਕੇ ਕਿਹਾ, ‘ਟਰੇਨਾਂ ਫਾਸਟ ਲੇਨ ਵਿਚ ਚੱਲ ਰਹੀਆਂ ਹਨ ਅਤੇ ਅਪਣੀਆਂ ਸੇਵਾਵਾਂ ਵਿਚ ਲਗਾਤਾਰ ਬੇਹਤਰੀਨ ਸੁਧਾਰ ਕਰ ਰਹੀ ਹੈ।

ਭਾਰਤੀ ਰੇਲਵੇ ਨੇ 1 ਜੁਲਾਈ 2020 ਨੂੰ 100 ਫੀਸਦੀ ਟਰੇਨਾਂ ਦੇ ਸਮੇਂ ‘ਤੇ ਪਹੁੰਚਣ ਦਾ ਰਿਕਾਰਡ ਬਣਾਇਆ’। ਪਿਛਲੇ ਹਫ਼ਤੇ ਰੇਲਵੇ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਸਾਰੀਆਂ ਰੈਗੂਲਰ ਮੇਲ, ਐਕਸਪ੍ਰੈਸ ਅਤੇ ਪੈਸੇਂਜਰ ਟਰੇਨਾਂ ਦੀਆਂ ਸੇਵਾਵਾਂ 12 ਅਗਸਤ ਤੱਕ ਲਈ ਰੱਦ ਕਰ ਦਿੱਤੀਆਂ ਸੀ।

ਦੱਸ ਦਈਏ ਕਿ ਜਪਾਨ ਆਦਿ ਦੇਸ਼ਾਂ ਵਿਚ ਟਰੇਨਾਂ ਸਮੇਂ ‘ਤੇ ਚੱਲਣ ਲਈ ਮਸ਼ਹੂਰ ਹਨ, ਉੱਥੇ ਹੀ ਭਾਰਤ ਵਿਚ ਟਰੇਨਾਂ ਦਾ 4-5 ਘੰਟੇ ਲੇਟ ਹੋਣਾ ਆਮ ਗੱਲ ਮੰਨੀ ਜਾਂਦੀ ਹੈ। ਕਈ ਵਾਰ ਤਾਂ ਟਰੇਨਾਂ 24 ਘੰਟਿਆਂ ਤੋਂ ਵੀ ਜ਼ਿਆਦਾ ਲੇਟ ਹੋ ਜਾਂਦੀਆਂ ਹਨ। ਅਜਿਹੇ ਵਿਚ ਰੇਲਵੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ।