ਭਾਰਤ ਦੀ ਟਰੰਪ ਨੂੰ ਦੋ ਟੂਕ, 'ਕਸ਼ਮੀਰ ਮੁੱਦੇ ‘ਤੇ ਸਿਰਫ਼ ਪਾਕਿ ਨਾਲ ਹੋਵੇਗੀ ਗੱਲਬਾਤ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਜੇਕਰ ਚਰਚਾ ਕਰੇਗਾ ਤਾਂ ਸਿਰਫ਼ ਪਾਕਿਸਤਾਨ ਨਾਲ ਹੀ ਕਰੇਗਾ।

Jaishankar and Mike Pompeo

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਸ਼ਮੀਰ ‘ਤੇ ਵਿਚੋਲਗੀ ਦੀ ਗੱਲ ਕਹੀ ਹੈ। ਇਸ ਖ਼ਬਰ ਦੇ ਮੀਡੀਆ ਵਿਚ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਜੇਕਰ ਚਰਚਾ ਕਰੇਗਾ ਤਾਂ ਸਿਰਫ਼ ਪਾਕਿਸਤਾਨ ਨਾਲ ਹੀ ਕਰੇਗਾ ਅਤੇ ਇਸ ਦੇ ਲਈ ਕਿਸੇ ਵੀ ਤੀਜੇ ਦੇਸ਼ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ।

 


 

ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨਾਲ ਚਰਚਾ ਦੌਰਾਨ ਕਿਹਾ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਕਿਸੇ ਵੀ ਦੇਸ਼ ਨੂੰ ਸ਼ਾਮਲ ਨਹੀਂ ਕਰੇਗਾ। ਇਹ ਦੁਵੱਲੀ ਗੱਲਬਾਤ ਹੋਵੇਗੀ। ਵਿਦੇਸ਼ ਮੰਤਰੀ ਨੇ ਸ਼ੁੱਕਰਵਾਲ ਨੂੰ ਬੈਂਕਾਕ ਵਿਚ ਅਪਣੇ ਅਮਰੀਕੀ ਹਮ-ਅਹੁਦਾ ਨਾਲ ਮੁਲਾਕਾਤ ਕੀਤੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਬੈਠਕ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ ਕਿ ਉਹਨਾਂ ਨੇ ਕਸ਼ਮੀਰ ‘ਤੇ ਭਾਰਤ ਦੇ ਰੁਖ ਬਾਰੇ ਅਮਰੀਕੀ ਵਿਦੇਸ਼ ਮੰਤਰੀ ਨੂੰ ਦੱਸ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਸ਼ਮੀਰ ‘ਤੇ ਜੇਕਰ ਕੋਈ ਵੀ ਚਰਚਾ ਹੋਵੇਗੀ ਤਾਂ ਉਹ ਪਾਕਿਸਤਾਨ ਦੇ ਨਾਲ ਹੋਵੇਗੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕੀ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੀ ਪੀਐਮ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਭਾਰਤ ਨੇ ਇਹਨਾਂ ਖਬਰਾਂ ਨੂੰ ਨਕਾਰਿਆ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਸਹਿਯੋਗ ਦੇਣ ਦੀ ਗੱਲ ਆਖੀ ਸੀ। ਉਹਨਾਂ ਕਿਹਾ ਸੀ ਕਿ ਜੇਕਰ ਭਾਰਤ ਚਾਹੁੰਦਾ ਹੈ ਤਾਂ ਉਹ ਇਸ ਮੁੱਦੇ ‘ਤੇ ਵਿਚੋਲਗੀ ਕਰਨ ਲਈ ਤਿਆਰ ਹਨ ਪਰ ਭਾਰਤ ਦਾ ਕਹਿਣਾ ਹੈ ਕਿ ਇਸ ਮੁੱਦੇ ‘ਤੇ ਸਿਰਫ਼ ਪਾਕਿਸਤਾਨ ਨਾਲ ਹੀ ਗੱਲ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।