ਆਰਐਸਐਸ ਮੁਖੀ ਦਾ ਦਾਅਵਾ, ‘ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਇਹ ਬਦਲ ਨਹੀਂ ਸਕਦਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਦਿੱਲੀ ਵਿਚ ਇਕ ਕਿਤਾਬ ਨੂੰ ਰੀਲੀਜ਼ ਕਰਨ ਦੌਰਾਨ ਭਾਰਤ ਦੇ ਇਕ ਹਿੰਦੂ ਰਾਸ਼ਟਰ ਹੋਣ ਦਾ ਦਾਅਵਾ ਕੀਤਾ

Mohan Bhagwat

ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਦਿੱਲੀ ਵਿਚ ਇਕ ਕਿਤਾਬ ਨੂੰ ਰੀਲੀਜ਼ ਕਰਨ ਦੌਰਾਨ ਭਾਰਤ ਦੇ ਇਕ ਹਿੰਦੂ ਰਾਸ਼ਟਰ ਹੋਣ ਦਾ ਦਾਅਵਾ ਕੀਤਾ। ਖ਼ਬਰਾਂ ਮੁਤਾਬਕ ਭਾਗਵਤ ਨੇ ਕਿਹਾ, ‘ਅਸੀਂ ਸਭ ਕੁੱਝ ਬਦਲ ਸਕਦੇ ਹਾਂ। ਸਾਰੀਆਂ ਵਿਚਾਰਧਾਰਾਵਾਂ ਬਦਲੀਆਂ ਜਾ ਸਕਦੀਆਂ ਹਨ ਪਰ ਸਿਰਫ਼ ਇਕ ਚੀਜ਼ ਨਹੀਂ ਬਦਲੀ ਜਾ ਸਕਦੀ, ਉਹ ਇਹ ਕਿ ‘ਭਾਰਤ ਇਕ ਹਿੰਦੂ ਰਾਸ਼ਟਰ ਹੈ’।

ਹਿੰਦੂਤਵ ਦਾ ਜ਼ਿਕਰ ਕਰਦੇ ਹੋਏ ਆਰਐਸਐਸ ਮੁਖੀ ਨੇ ਹਨੂਮਾਨ, ਸ਼ਿਵਜੀ ਅਤੇ ਆਰਐਸਐਸ ਦੇ ਸੰਸਥਾਪਕ ਕੇਸ਼ਵ ਬਲਰਾਮ ਹੇਡਗੋਵਾਰ ਦੇ ਨਾਂਅ ਇਕ ਸਾਹ ਵਿਚ ਲਏ। ਆਰਐਸਐਸ ਮੁਖੀ ਨੇ ਇਹ ਗੱਲਾਂ ਏਬੀਵੀਪੀ ਨਾਲ ਜੁੜੇ ਸੀਨੀਅਰ ਪ੍ਰਚਾਰਕ ਸੁਨੀਲ ਅੰਬੇਦਕਰ ਦੀ ਪੁਸਤਕ ‘ਦ ਆਰਐਸਐਸ: ਰੋਡਮੈਪ ਫਾਰ 21 ਸੈਂਚਰੀ’ ਦੇ ਜਨਤਕ ਸਮਾਰੋਹ ਵਿਚ ਕਹੀਆਂ। ਲੈਸਬੀਅਨਜ਼ ‘ਤੇ ਆਰਐਸਐਸ ਦੇ ਰੁਖ ‘ਤੇ ਸਫ਼ਾਈ ਦਿੰਦੇ ਹੋਏ ਭਾਗਵਤ ਨੇ ਕਿਹਾ ਕਿ ਇਸ ਮੁੱਦੇ ਨੂੰ ਚਰਚਾ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਗਵਤ ਨੇ ਸਮਲਿੰਗਤਾ ‘ਤੇ ਸੰਘ ਦੇ ਰੁਖ ਵਿਚ ਬਦਲਾਅ ਦੇ ਸੰਕੇਤ ਦਿੱਤੇ ਹਨ। ਉਹਨਾਂ ਨੇ 2018 ਵਿਚ ਤਿੰਨ ਰੋਜਾ ਮਹਾ ਅਯੋਜਨ ‘ਭਾਰਤ ਦਾ ਭਵਿੱਖ ਆਰਐਸਐਸ ਦਾ ਦ੍ਰਿਸ਼ਟੀਕੋਣ’ ਦੌਰਾਨ ਕਿਹਾ ਸੀ ਕਿ ਸਮਾਜ ਨੂੰ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ। ਭਾਗਵਤ ਨੇ ਅਸਹਿਮਤੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, ‘ ਇੱਥੇ ਮਤਭੇਦ ਹੋ ਸਕਦਾ ਹੈ, ਮਨਭੇਦ ਨਹੀਂ’। ਉਹਨਾਂ ਕਿਹਾ ਕਿ ਸੰਗਠਨ ਵਿਚ ਇਕ ਹੀ ਵਿਚਾਰਧਾਰਾ ਚੱਲਦੀ ਆਈ ਹੈ ਕਿ ਜੋ ‘ਭਾਰਤ ਭੂਮੀ ਦੀ ਭਗਤੀ ਕਰਦਾ ਹੈ, ਉਹੀ ਹਿੰਦੂ ਹੈ’।

ਸੰਘ ਵੱਲੋਂ ਸਿਰਫ਼ ਹਿੰਦੂਆਂ ਦੀ ਗੱਲ ਕਰਨ ਦੇ ਦਾਅਵਿਆਂ ‘ਤੇ ਉਹਨਾਂ ਕਿਹਾ ਕਿ, ‘ਅਸੀਂ ਹਿੰਦੂ ਨਹੀਂ ਬਣਾਏ, ਇਹ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਹਨ। ਦੇਸ਼, ਕਾਲ, ਹਲਾਤਾਂ ਦੇ ਨਾਲ ਚੱਲੇ ਆ ਰਹੇ ਹਨ’। ਉਹਨਾਂ ਕਿਹਾ ਕਿ ਜਦੋਂ ਤੱਕ ਭਾਰਤ ਨੂੰ ਅਪਣੀ ਮਾਤ ਭੂਮੀ ਮੰਨਣ ਵਾਲਾ ਅਤੇ ਉਸ ਨੂੰ ਪਿਆਰ ਕਰਨ ਵਾਲਾ ਇਕ ਵੀ ਵਿਅਕਤੀ ਜਿਉਂਦਾ ਹੈ ਓਦੋਂ ਤੱਕ ਹਿੰਦੂ ਜੀਵਤ ਹਨ। ਭਾਗਵਤ ਨੇ ਕਿਹਾ ਕਿ ‘ਭਾਸ਼ਾ, ਪ੍ਰਾਂਤ ਪਹਿਲਾਂ ਤੋਂ ਹੀ ਹਨ। ਜੇਕਰ ਕੋਈ ਬਾਹਰ ਤੋਂ ਵੀ ਆਉਂਦਾ ਹੈ ਤਾਂ ਵੀ ਅਸੀਂ ਬਾਹਰੋਂ ਆਏ ਲੋਕਾਂ ਨੂੰ ਅਪਣਾਇਆ ਹੈ। ਅਸੀਂ ਸਾਰਿਆਂ ਨੂੰ ਅਪਣਾ ਹੀ ਮੰਨਦੇ ਹਾਂ’। ਉਹਨਾਂ ਕਿਹਾ ਕਿ ਅਸੀਂ ਦੇਸ਼, ਕਾਲ ਹਲਾਤਾਂ ਅਨੁਸਾਰ ਅਪਣੇ ਆਪ ਵਿਚ ਬਦਲਾਅ ਲਿਆਏ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।