ਹਿੰਦੂ, ਹਿੰਦੀ, ਹਿੰਦੋਸਤਾਨ ਜਿਹੇ ਨਾਅਰੇ ਦੇਸ਼ ਨੂੰ ਤਬਾਹ ਕਰ ਦੇਣਗੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਗੁਰਦਾਸ ਮਾਨ ਵਰਗੇ ਗਾਇਕ ਵਲੋਂ ਅਪਸ਼ਬਦ ਬੋਲਣਾ ਮੰਗਭਾਗਾ

Baba Balbir Singh

ਅੰਮ੍ਰਿਤਸਰ : ਹਿੰਦੂ, ਹਿੰਦੀ, ਹਿੰਦੋਸਤਾਨ, ਇਕ ਦੇਸ਼ ਇੱਕ ਭਾਸ਼ਾ ਵਰਗੇ ਨਾਅਰਿਆਂ ਨੇ ਘੱਟ ਗਿਣਤੀ ਅਤੇ ਵੱਖ-ਵੱਖ ਭਾਸ਼ਾ ਅਧਾਰਿਤ ਬਣੇ ਸੂਬਿਆਂ 'ਚ ਵਸਦੇ ਲੋਕਾਂ ਨੂੰ ਗਹਿਰੀ ਸੱਟ ਮਾਰੀ ਹੈ ਤੇ ਚਿੰਤਾ ਜਨਕ ਮਾਹੌਲ ਸਿਰਜਿਆ ਜਾ ਰਿਹਾ ਹੈ ਜੋ ਦੇਸ਼ ਦੇ ਲਈ ਸੰਕਟਮਈ ਹੈ। ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਕਹੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਬਹੁਭਾਸ਼ੀ, ਬਹੁਧਰਮੀ, ਬਹੁਸਭਿਆਚਾਰੀ ਦੇਸ਼ ਹੈ ਜਿਸ ਵਿਚ ਕਈ ਰੰਗਾਂ, ਨਸਲਾਂ, ਧਰਮਾਂ ਦੇ ਮਨੁੱਖ ਵਸਦੇ ਹਨ।

ਉਨ੍ਹਾਂ ਦੇ ਅਕੀਦੇ ਨਿਸਚੇ, ਬੋਲੀ-ਭਾਸ਼ਾ ਤੇ ਹਮਲਾ ਦੇਸ਼ ਨੂੰ ਪਤਣ ਵੱਲ ਧਕੇਲੇਗਾ ਅਤੇ ਅਨੈਰਕੀ ਤੇ ਬੇਚੈਨੀ ਦਾ ਮਾਹੌਲ ਪੈਦਾ ਹੋਵੇਗਾ। ਕਿਉਂਕਿ ਭਾਰਤ ਦੀ ਖੂਬਸੂਰਤੀ ਤਾਂ ਵਿਭਿੰਨਤਾ 'ਚ ਹੀ ਏਕਤਾ ਵਾਲੀ ਹੈ। ਜੋ ਸ਼ੰਕੇ ਪ੍ਰਗਟ ਹੋ ਰਹੇ ਹਨ, ਉਹ ਖਤਰਨਾਕ ਹਨ।ਇਕ ਰਾਸ਼ਟਰ ਇਕ ਭਾਸ਼ਾ ਨਾਲ ਵੱਖ-ਵੱਖ ਕੌਮਾਂ ਦੀ ਮਾਂ ਬੋਲੀ ਦੀ ਅਹਿਮੀਅਤ ਡਗਮਗਾ ਜਾਵੇਗੀ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੂਬਿਆਂ ਵਿੱਚ ਵੱਖ-ਵੱਖ ਬੋਲੀਆਂ ਹਨ। ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕੌਮੀ ਮਾਨਤਾ ਮਿਲੀ ਹੋਈ ਹੈ।ਇਸ ਨਾਲ ਸੈਕੜੇ ਉਪਬੋਲੀਆਂ ਵੀ ਜੁੜੀਆਂ ਹੋਈਆਂ ਹਨ ਦੇਸ਼ ਵਿੱਚ ਬਹੁਤ ਸਾਰੇ ਸੂਬੇ ਭਾਸ਼ਾ ਦੇ ਅਧਾਰ ਤੇ ਬਣੇ ਹੋਏ ਹਨ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਸ਼ਾ ਦਾ ਸਬੰਧ ਸੱਭਿਆਚਾਰ ਨਾਲ ਹੈ।ਰਾਜਨੀਤੀ ਅਤੇ ਧਰਮ ਦੀ ਆੜ ਹੇਠ ਇਸ ਨੂੰ ਦੁਬੇਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੰਜਾਬੀ ਭਾਸ਼ਾ ਧਰਤੀ ਦੇ ਵਿਸ਼ਾਲ ਖੇਤਰਾਂ ਤੱਕ ਫੈਲੀ ਹੋਈ ਹੈ।ਕਿਸੇ ਪ੍ਰਕਿਤਕ ਅਤੇ ਕੁਦਰਤੀ ਭਾਸ਼ਾ ਨੂੰ ਅਪ੍ਰਕਿਰਤਕ ਭਾਸ਼ਾ ਦੀਆਂ ਧਮਕੀਆਂ ਮਿਲਣੀਆਂ ਦੇਸ਼ ਦੇ ਹਿਤ ਵਿਚ ਨਹੀਂ ਹਨ।ਪੰਜਾਬੀ ਭਾਸ਼ਾ ਦਾ ਕਿਸੇ ਵੀ ਭਾਸ਼ਾ ਨਾਲ ਟਕਰਾਅ ਨਹੀਂ ਹੈ ਕਿਸੇ ਵੀ ਭਾਸ਼ਾ ਦਾ ਕਿਸੇ ਭਾਸ਼ਾ ਨਾਲ ਟਕਰਾਅ ਨਹੀਂ ਹੁੰਦਾ।ਬਿਲਕੁਲ ਏਵੇਂ ਜਿਵੇਂ ਵੱਖ-ਵੱਖ ਧਰਮਾਂ ਦਾ ਆਪਸੀ ਟਕਰਾਅ ਨਹੀਂ ਹੁੰਦਾ। ਬਸ ਹੁਲੜਬਾਜ਼ ਪੈਰੋਕਾਰਾਂ ਵਲੋਂ ਹੀ ਟਕਰਾਅ ਖੜੇ ਹੁੰਦੇ ਹਨ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਵਰਗੇ ਭਾਜਪਾ ਆਗੂ ਵਲੋਂ ਇਕ ਭਾਸ਼ਾ ਇਕ ਰਾਸ਼ਟਰ ਕਹਿਣ ਤੇ ਸਭ ਤੋਂ ਵੱਧ ਵਿਰੋਧ ਦੱਖਣੀ ਭਾਰਤ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਹੁਣ ਗੁਰਦਾਸ ਮਾਨ ਵਰਗੇ ਗਾਇਕ ਵਲੋਂ ਕਨੇਡਾ ਦੀ ਇਕ ਸਟੇਜ ਸ਼ੌਅ ਦੌਰਾਨ ਇਹ ਕਹਿਣਾ ਕਿ ਭਾਰਤ ਦੀ ਇਕੋ ਜਬਾਨ ਹਿੰਦੀ ਕਿਉਂ ਨਹੀਂ ਹੋ ਸਕਦੀ ਨੇ ਨਵਾਂ ਵਿਵਾਦ ਛੇੜਿਆ ਹੈ। ਮਾਨ ਵਰਗੇ ਗਾਇਕ ਵਲੋਂ ਅਜਿਹਾ ਬਿਆਨ ਦੇਣਾ ਮੰਗਭਾਗਾ, ਨਿੰਦਣਯੋਗ ਤੇ ਪੰਜਾਬੀ ਦੇ ਹਿਰਦਿਆਂ ਨੂੰ ਭਾਰੀ ਸੱਟ ਮਾਰਨ ਵਾਲਾ ਹੈ। ਗੁਰਦਾਸ ਮਾਨ ਨੂੰ ਪੰਜਾਬੀਆਂ ਤੋਂ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।