ਬੀਤੇ 5 ਸਾਲ 'ਚ ਭਾਰਤ ਦੀ ਹਾਲਤ ਵੇਖ ਗਾਂਧੀ ਦੀ ਆਤਮਾ ਵੀ ਦੁਖੀ ਹੋਵੇਗੀ : ਸੋਨੀਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਗਾਂਧੀ ਜੀ ਨਾਂ ਲੈਣ ਆਸਾਨ ਹੈ, ਪਰ ਉਨ੍ਹਾਂ ਦੇ ਰਸਤੇ 'ਤੇ ਚੱਲਣਾ ਆਸਾਨ ਨਹੀਂ ਹੈ।

Mahatma's soul would be pained in the last few years : Sonia Gandhi

ਨਵੀਂ ਦਿੱਲੀ : ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜਘਾਟ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਦਿੱਲੀ ਕਾਂਗਰਸ ਦਫ਼ਤਰ ਤੋਂ ਰਾਜਘਾਟ ਤਕ ਪੈਦਲ ਯਾਤਰਾ ਕੀਤੀ ਅਤੇ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਂਗਰਸ ਕਾਰਕੁਨਾਂ ਨੂੰ ਸੰਬੋਧਨ ਕੀਤਾ।

ਸੋਨੀਆ ਗਾਂਧੀ ਨੇ ਕਿਹਾ, "ਭਾਰਤ 'ਚ ਪਿਛਲੇ 5 ਸਾਲਾਂ ਵਿਚ ਦੇਸ਼ 'ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਵੇਖ ਕੇ ਗਾਂਧੀ ਦੀ ਆਤਮਾ ਦੁਖੀ ਹੋਵੇਗੀ। ਦੇਸ਼ ਦੀ ਆਰਥਕ ਹਾਲਤ ਵਿਗੜ ਰਹੀ ਹੈ। ਉਦਯੋਗ ਧੰਦੇ ਬੰਦ ਹੋ ਰਹੇ ਹਨ। ਔਰਤਾਂ ਸੁਰੱਖਿਅਤ ਨਹੀਂ ਹਨ। ਜਿਹੜੇ ਲੋਕ ਝੂਠ ਦੀ ਰਾਜਨੀਤੀ ਕਰਦੇ ਹਨ, ਉਹ ਗਾਂਧੀ ਦੇ ਅਹਿੰਸਾ ਦਰਸ਼ਨ ਨੂੰ ਕਦੇ ਸਮਝ ਨਹੀਂ ਸਕਣਗੇ। ਗਾਂਧੀ ਜੀ ਨਾਂ ਲੈਣ ਆਸਾਨ ਹੈ, ਪਰ ਉਨ੍ਹਾਂ ਦੇ ਰਸਤੇ 'ਤੇ ਚੱਲਣਾ ਆਸਾਨ ਨਹੀਂ ਹੈ।"

ਸੋਨੀਆ ਨੇ ਕਿਹਾ, "ਅੱਜਕਲ ਕੁਝ ਲੋਕ ਗਾਂਧੀ ਦੇ ਵਿਚਾਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਲੋਕ ਚਾਹੁੰਦੇ ਹਨ ਕਿ ਗਾਂਧੀ ਨਹੀਂ ਆਰਐਸਐਸ ਦੇਸ਼ ਦਾ ਪ੍ਰਤੀਕ ਬਣ ਜਾਣੇ ਪਰ ਅਜਿਹਾ ਨਹੀਂ ਹੋ ਸਕਦਾ। ਜਿਹੜੇ ਝੂਠ ਦੀ ਰਾਜਨੀਤੀ ਕਰ ਰਹੇ ਹਨ, ਉਹ ਕਿਵੇਂ ਸਮਝਣਗੇ ਕਿ ਗਾਂਧੀ ਅਹਿੰਸਾ ਦੇ ਪੁਜਾਰੀ ਸਨ। ਜਿਨ੍ਹਾਂ ਨੂੰ ਆਪਣੀ ਸੱਤਾ ਲਈ ਸਭ ਕੁਝ ਕਰਨਾ ਮਨਜੂਰ ਹੈ, ਉਹ ਕਿਵੇਂ ਸਮਝਣਗੇ ਕਿ ਗਾਂਧੀ ਅਹਿੰਸਾ ਦੇ ਪੁਜਾਰੀ ਸਨ।"

ਸੋਨੀਆ ਨੇ ਕਿਹਾ, "ਕੋਈ ਖੁਦ ਨੂੰ ਮਹਾਤਮਾ ਗਾਂਧੀ ਤੋਂ ਉੱਪਰ ਕਿਵੇਂ ਸਮਝ ਸਕਦਾ ਹੈ? ਜੇ ਅਜਿਹਾ ਹੈ ਤਾਂ ਉਹ ਗਾਂਧੀ ਦੇ ਤਿਆਗ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਨਹੀਂ ਸਮਝ ਰਿਹਾ ਹੈ।" ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਕੀ ਦਾਅਵੇ ਕਰਦਾ ਹੈ ਪਰ ਕਾਂਗਰਸ ਇਕਲੌਤੀ ਅਜਿਹੀ ਪਾਰਟੀ ਹੈ ਜੋ ਗਾਂਧੀ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਦੱਸੇ ਰਸਤੇ ਨੂੰ ਅਪਣਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਅਸੀ ਨੌਜਵਾਨਾਂ ਨੂੰ ਨੌਕਰੀਆਂ, ਸਿਖਿਆ, ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਅਤੇ ਸੁਵਿਧਾਵਾਂ ਦਿੱਤੀਆਂ ਹਨ।