ਸ੍ਰੀਨਗਰ ਵਿਚ ਸਵੇਰੇ ਕੁੱਝ ਦੁਕਾਨਾਂ ਖੁਲ੍ਹੀਆਂ, ਜਨਜੀਵਨ ਠੱਪ ਰਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਦਾ ਕਹਿਣਾ - ਘਾਟੀ ਵਿਚ ਕਿਤੇ ਵੀ ਕਿਸੇ ਤਰ੍ਹਾਂ  ਦੀ ਪਾਬੰਦੀ ਨਹੀਂ ਹੈ।

Normal Life Remains Disrupted In Kashmir at day 59

ਸ੍ਰੀਨਗਰ : ਸ੍ਰੀਨਗਰ ਵਿਚ ਬੁਧਵਾਰ ਸਵੇਰੇ ਕੁੱਝ ਦੁਕਾਨਾਂ ਖੁਲ੍ਹੀਆਂ ਰਹੀਆਂ ਹਾਲਾਂਕਿ ਸਮੁੱਚੀ ਕਸ਼ਮੀਰ ਵਾਦੀ ਵਿਚ ਮੁੱਖ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਲਗਾਤਾਰ 59ਵੇਂ ਦਿਨ ਬੰਦ ਰਹੇ। ਅਧਿਕਾਰੀਆਂ ਨੇ ਕਿਹਾ ਕਿ ਹੰਦਵਾੜਾ ਅਤੇ ਕੁਪਵਾੜਾ ਇਲਾਕਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਹਰ ਜਗ੍ਹਾ ਬੰਦ ਹਨ। ਸ਼ਹਿਰ ਵਿਚ ਕੁੱਝ ਦੁਕਾਨਾਂ ਸਵੇਰੇ 7.30 ਵਜੇ ਤੋਂ 10.30 ਵਜੇ ਤਕ ਖੁਲ੍ਹ ਰਹੀਆਂ ਹਨ ਜਿਹੜੀ ਬੁਧਵਾਰ ਨੂੰ ਸਵੇਰੇ 11 ਵਜੇ ਤਕ ਖੁਲ੍ਹੀਆਂ ਰਹੀਆਂ। ਘਾਟੀ ਵਿਚ ਚਾਰ ਅਗੱਸਤ ਦੀ ਰਾਤ ਤੋਂ ਹੀ ਸਾਰੇ ਮੰਚਾਂ 'ਤੇ ਇੰਟਰਨੈਟ ਸੇਵਾਵਾਂ ਬੰਦ ਹਨ।

ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਦੀ ਸਮੀਖਿਆ ਮਗਰੋਂ ਢੁਕਵੇਂ ਸਮੇਂ 'ਤੇ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ 58ਵੇਂ ਦਿਨ ਵੀ ਘਾਟੀ ਦੇ ਮੁੱਖ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਜਨਤਕ ਵਾਹਨ ਵੀ ਸੜਕਾਂ 'ਤੇ ਨਾ ਦਿਸੇ। ਸ਼ਹਿਰ ਦੇ ਕੁੱਝ ਇਲਾਕਿਆਂ ਨੂੰ ਛੱਡ ਕੇ ਕਾਰਾਂ ਅਤੇ ਕੈਬਾਂ ਨਜ਼ਰ ਆਈਆਂ। ਅਧਿਕਾਰੀਆਂ ਨੇ ਦਸਿਆ ਕਿ ਘਾਟੀ ਵਿਚ ਕਿਤੇ ਵੀ ਕਿਸੇ ਤਰ੍ਹਾਂ  ਦੀ ਪਾਬੰਦੀ ਨਹੀਂ ਹੈ। ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸੰਵੇਦਨਸ਼ੀਲ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

ਸਰਕਾਰ ਨੇ ਭਾਵੇਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ ਅਤੇ ਸਕੂਲ ਖੋਲ੍ਹ ਦਿਤੇ ਗਏ ਸਨ ਪਰ ਮਾਪੇ ਅਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਡਰ ਰਹੇ ਹਨ। ਇਸ ਕਾਰਨ ਸਕੂਲਾਂ ਵਿਚ ਬੱਚੇ ਪਹੁੰਚ ਹੀ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਨੇਤਾ ਹੁਣ ਵੀ ਨਜ਼ਰਬੰਦ ਜਾਂ ਹਿਰਾਸਤ ਵਿਚ ਹਨ।