ਕਸ਼ਮੀਰ 'ਚ 41 ਹਜ਼ਾਰ ਲੋਕ ਮਾਰੇ ਗਏ, ਉਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਿਥੇ ਸਨ? : ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਹੁਣ ਸਮਾਂ ਆ ਗਿਆ ਹੈ ਕਿ ਸੱਚਾ ਇਤਿਹਾਸ ਲਿਖਿਆ ਜਾਵੇ ਅਤੇ ਸੱਚੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ।

Time to write correct history : Amit Shah

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਧਾਰਾ 370 ਕਾਰਨ ਜੰਮੂ-ਕਸ਼ਮੀਰ 'ਚ ਅਤਿਵਾਦ ਦਾ ਇਕ ਦੌਰ ਚਾਲੂ ਹੋਇਆ। ਇਸ 'ਚ ਹੁਣ ਤਕ 41,800 ਲੋਕ ਮਾਰੇ ਗਏ। ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਦੱਸਣ ਕਿ ਇਨ੍ਹਾਂ ਮਾਰੇ ਗਏ ਲੋਕਾਂ ਦੇ ਪਰਵਾਰਾਂ ਦੀ ਕਦੇ ਸਾਰ ਲਈ? ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਗ਼ਲਤਫ਼ਹਿਮੀਆਂ ਧਾਰਾ 370 ਅਤੇ ਕਸ਼ਮੀਰ ਬਾਰੇ ਅੱਜ ਵੀ ਫ਼ੈਲੀਆਂ ਹੋਈਆਂ ਹਨ, ਉਨ੍ਹਾਂ ਦਾ ਸਪਸ਼ਟ ਹੋਣਾ ਜ਼ਰੂਰੀ ਹੈ।

ਅਮਿਤ ਸ਼ਾਹ ਨੇ ਨਵੀਂ ਦਿੱਲੀ 'ਚ ਇਕ ਪ੍ਰੋਗਰਾਮ ਵਿਚ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ ਉਸ ਦੇ ਅੱਗੇ ਸੁਰੱਖਿਆ ਅਤੇ ਸੰਵਿਧਾਨ ਬਣਾਉਣ ਜਿਹੇ ਕੋਈ ਸਵਾਲ ਹੁੰਦੇ ਹਨ। ਪਰ ਸਾਡੇ ਸਾਹਮਣੇ 630 ਰਿਆਸਤਾਂ ਨੂੰ ਇਕ ਕਰਨ ਦਾ ਸਵਾਲ ਵੀ ਆ ਗਿਆ ਸੀ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨਾ ਹੁੰਦੇ ਤਾਂ ਇਹ ਕੰਮ ਕਦੇ ਨਾ ਹੁੰਦਾ। ਸਰਦਾਰ ਪਟੇਲ ਦੇ ਮਜ਼ਬੂਤ ਇਰਾਦੇ ਅਤੇ  ਸਪਸ਼ਟ ਸੋਚ ਦਾ ਨਤੀਜਾ ਸੀ ਕਿ 630 ਰਿਆਸਤਾਂ ਅੱਜ ਇਕ ਦੇਸ਼ ਵਜੋਂ ਦੁਨੀਆਂ ਅੰਦਰ ਮੌਜੂਦ ਹਨ।

ਸ਼ਾਹ ਨੇ ਕਿਹਾ, "630 ਰਿਆਸਤਾਂ ਨੂੰ ਇਕ ਕਰਨ 'ਚ ਕੋਈ ਪ੍ਰੇਸ਼ਾਨੀ ਨਾ ਹੋਈ, ਪਰ ਜੰਮੂ-ਕਸ਼ਮੀਰ ਨੂੰ ਅਖੰਡ ਰੂਪ ਨਾਲ ਇਕ ਕਰਨ 'ਚ 5 ਅਗਸਤ 2019 ਤਕ ਦਾ ਸਮਾਂ ਲੱਗ ਗਿਆ। ਜਿਹੜੇ ਲੋਕ ਸਾਡੇ 'ਤੇ ਦੋਸ਼ ਲਗਾਉਂਦੇ ਹਨ ਕਿ ਇਹ ਸਿਆਸੀ ਸਟੰਟ ਹੈ। ਮੈਂ ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਾਡਾ ਸਟੈਂਡ ਉਦੋਂ ਤੋਂ ਹੈ, ਜਦੋਂ ਤੋਂ ਭਾਜਪਾ ਬਣੀ। ਸਾਡਾ ਮੰਨਣਾ ਹੈ ਕਿ ਧਾਰਾ 370 ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਠੀਕ ਨਹੀਂ ਹੈ।"

ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਦਾ ਇਤਿਹਾਸ ਤੋੜ-ਮਰੋੜ ਕੇ ਦੇਸ਼ ਦੇ ਸਾਹਮਣੇ ਰੱਖਿਆ ਗਿਆ, ਕਿਉਂਕਿ ਜਿਨ੍ਹਾਂ ਦੀਆਂ ਗ਼ਲਤੀਆਂ ਸਨ, ਉਨ੍ਹਾਂ ਨੂੰ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਹੁਣ ਸਮਾਂ ਆ ਗਿਆ ਹੈ ਕਿ ਸੱਚਾ ਇਤਿਹਾਸ ਲਿਖਿਆ ਜਾਵੇ ਅਤੇ ਸੱਚੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ।

ਜੰਮੂ-ਕਸ਼ਮੀਰ 'ਚ ਨਹੀਂ ਹੈ ਕੋਈ ਪਾਬੰਦੀ :
ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਘਾਟੀ 'ਚ ਹੁਣ ਕੋਈ ਪਾਬੰਦੀ ਨਹੀਂ ਹੈ ਅਤੇ ਪੂਰੀ ਦੁਨੀਆ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸ਼ੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਸਿਰਫ਼ ਤੁਹਾਡੇ ਦਿਮਾਗ਼ 'ਚ ਹਨ। ਕਸ਼ਮੀਰ 'ਚ ਕੋਈ ਪਾਬੰਦੀ ਨਹੀਂ ਹੈ, ਸਿਰਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ 196 ਥਾਣਾ ਖੇਤਰਾਂ 'ਚੋਂ ਕਰਫ਼ਿਊ ਹਟਾ ਲਿਆ ਗਿਆ ਹੈ ਅਤੇ ਸਿਰਫ਼ 8 ਥਾਣਾ ਖੇਤਰਾਂ 'ਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਤੋਂ ਮੋਬਾਈਲ ਕੁਨੈਕਸ਼ਨ ਨਾ ਚੱਲਣ ਕਾਰਨ ਲੋਕ ਹੰਗਾਮਾ ਕਰ ਰਹੇ ਹਨ। ਫ਼ੋਨ ਦੀ ਕਮੀ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ। ਜੰਮੂ-ਕਸ਼ਮੀਰ 'ਚ 10 ਹਜ਼ਾਰ ਲੈਂਡਲਾਈਨ ਕੁਨੈਕਸ਼ਨ ਦਿੱਤੇ ਗਏ ਹਨ, ਜਦਕਿ ਬੀਤੇ ਦੋ ਮਹੀਨਿਆਂ 'ਚ 6000 ਪੀਸੀਓ ਦਿੱਤੇ ਗਏ ਹਨ।