ਹਾਥਰਸ ਕੇਸ 'ਤੇ ਸੀਐਮ ਯੋਗੀ ਨੇ ਤੋੜੀ ਚੁੱਪੀ, ਕਿਹਾ ਅਜਿਹੀ ਸਜ਼ਾ ਮਿਲੇਗੀ ਜੋ ਉਦਾਹਰਣ ਪੇਸ਼ ਕਰੇਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੋਗੀ ਅਦਿੱਤਿਆਨਾਥ ਨੇ ਦਿੱਤੀ ਦੋਸ਼ੀਆਂ ਨੂੰ ਸਖ਼ਤ ਚੇਤਾਵਨੀ

Yogi Adityanath

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਲੜਕੀ ਨਾਲ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਲੰਬੇ ਸਮੇਂ ਬਾਅਦ ਅਪਣੀ ਚੁੱਪੀ ਤੋੜੀ ਹੈ। ਉਹਨਾਂ ਨੇ ਸ਼ੁੱਕਰਵਾਰ ਨੂੰ ਬਲਾਤਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮਾਤਾਵਾਂ-ਭੈਣਾ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਸਖਤ ਸਜ਼ਾ ਯਕੀਨੀ ਬਣਾਈ ਜਾਵੇਗੀ।

ਉਹਨਾਂ ਸੂਬੇ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਉਹਨਾਂ ਦੀ ਸਰਕਾਰ ਹਰੇਕ ਮਾਂ-ਭੈਣ ਦੀ ਸੁਰੱਖਿਆ ਲਈ ਵਚਨਬੱਧ ਹੈ। ਦੱਸ ਦਈਏ ਕਿ 14 ਸਤੰਬਰ ਨੂੰ ਹਾਥਰਸ ਦੀ ਇਕ ਲੜਕੀ ਨਾਲ ਗੈਂਗਰੇਪ ਹੋਇਆ ਸੀ। ਗੈਂਗਰੇਪ ਤੋਂ ਬਾਅਦ ਦੋਸ਼ੀਆਂ ਨੇ ਲੜਕੀ ਦੀ ਜੀਭ ਕੱਟ ਦਿੱਤੀ ਸੀ ਅਤੇ ਉਸ ਦੀ ਰੀੜ ਦੀ ਹੱਡੀ ਤੋੜ ਦਿੱਤੀ ਸੀ।

 

 

ਘਟਨਾ ਤੋਂ ਇਕ ਹਫ਼ਤੇ ਬਾਅਦ ਉਸ ਲੜਕੀ ਦੀ ਦਿੱਲੀ ਦੇ ਹਸਪਤਾਲ ਵਿਚ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੇਸ਼ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਵੀ ਮਾਹੌਲ ਗਰਮ ਹੈ। ਯੂਪੀ ਪੁਲਿਸ 'ਤੇ ਇਸ ਮਾਮਲੇ ਵਿਚ ਲਾਪਰਵਾਹੀ ਦੇ ਦੋਸ਼ ਲਗਾਏ ਜਾ ਰਹੇ ਹਨ।

ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਸਵਾਲਾਂ ਦੇ ਘੇਰੇ ਵਿਚ ਹੈ। ਵਿਰੋਧੀ ਧਿਰਾਂ ਨੇ ਲਗਾਤਾਰ ਯੋਗੀ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ  ਲੈ ਕੇ ਵੀ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਹਨ।