ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ,ਘਰ ਵਿਚ ਦਾਖਲ ਹੋਏ ਅਣਪਛਾਤੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਮਹੀਂਨੇ ਗਾਂਧੀ ਪਰਿਵਾਰ ਦੀ ਐਸਪੀਜੀ ਸੁਰੱਖਿਆ ਲਈ ਗਈ ਸੀ ਵਾਪਸ

file photo

ਨਵੀਂ ਦਿੱਲੀ: ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਦੀ ਜਿੰਮੇਵਾਰੀ ਹੁਣ ਸੀਆਰਪੀਐਫ ਸੰਭਾਲ ਰਹੀ ਹੈ। ਘਟਨਾ ਪਿਛਲੇ ਹਫ਼ਤੇ ਦੀ ਹੈ ਜਦੋਂ ਸੀਆਰਪੀਐਫ ਦਾ ਘੇਰਾ ਹੋਣ ਦੇ ਬਾਵਜੂਦ ਵੀ ਅਣਪਛਾਤੇ ਲੋਕ ਉਸਦੇ ਘਰ ਵਿਚ ਦਾਖਲ ਹੋ ਗਏ।

ਪੀਟੀਆਈ ਦੇ ਸੂਤਰਾਂ ਮੁਤਾਬਕ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਲੋਧੀ ਅਸਟੇਟ ਸਥਿਤ ਘਰ 'ਤੇ ਸੁਰਖਿਆ ਵਿਚ ਅਣਗਹਿਲੀ ਹੋਈ ਹੈ। ਇਕ ਹਫ਼ਤੇ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਬਿਨਾਂ ਕਿਸੇ ਜਾਣਕਾਰੀ ਦੇ ਐਂਟਰ ਕੀਤਾ ਅਤੇ ਸੈਲਫ਼ੀ ਲਈ ਕਿਹਾ। ਪ੍ਰਿਅੰਕਾ ਗਾਂਧੀ ਦੇ ਦਫ਼ਤਰ ਨੇ ਸੀਆਰਪੀਐਫ ਵਿਚ ਇਸਦੀ ਸ਼ਿਕਾਇਤ ਦਰਜ ਕਰਾਈ ਹੈ, ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਂਨੇ  ਗਾਂਧੀ ਪਰਿਵਾਰ ਤੋਂ ਐਸਪੀਜੀ ਦੀ ਸੁਰੱਖਿਆ ਵਾਪਸ ਲੈ ਲਈ ਸੀ ਅਤੇ ਉਨ੍ਹਾਂ ਦੇ ਸਥਾਨ 'ਤੇ ਸੀਆਰਪੀਐਫ ਦੀ ਜੈਡ ਪਲੱਸ ਸੁਰੱਖਿਆ ਪ੍ਰਦਾਨ ਕਰਵਾਈ ਸੀ।

ਗਾਂਧੀ ਪਰਿਵਾਰ ਦੀ ਐਸਪੀਜੀ ਸੁਰੱਖਿਆ  ਹਟਾਉਣ 'ਤੇ ਕਾਫ਼ੀ ਹੰਗਾਮਾ ਖੜਾ ਹੋਇਆ ਸੀ। ਕਾਂਗਰਸ ਨੇ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਸੰਸਦ ਵਿਚ ਵੀ ਇਸ ਮੁੱਦੇ ਤੇ ਜਮ ਕੇ ਹੰਗਾਮਾ ਹੋਇਆ ਸੀ ਅਤੇ ਭਾਜਪਾ 'ਤੇ ਬਦਲੇ ਦੀ ਰਾਜਨੀਤੀ ਕਰਨ ਦਾ ਵੀ ਆਰੋਪ ਲਗਾਇਆ ਸੀ।