ਦਿੱਲੀ ਪਹੁੰਚੇ ਬਜ਼ੁਰਗ ਕਿਸਾਨਾਂ ਨੇ ਨੌਜਵਾਨਾਂ 'ਚ ਭਰਿਆ ਜੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੋਸ਼ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਦਿੱਲੀ ਪਹੁੰਚੇ ਕਿਸਾਨ 

Farmer

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਕਿਸਾਨਾਂ ਵੱਲੋਂ ਜਾਰੀ ਪ੍ਰਦਰਸ਼ਨ 'ਚ ਸ਼ਾਮਲ ਕਿਸਾਨਾਂ ਦਾ ਜੋਸ਼ ਦਿਨੋ ਦਿਨ ਵਧਦਾ ਜਾ ਰਿਹਾ ਹੈ। ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਕਿਸਾਨਾਂ ਦਾ ਹੌਂਸਲਾ ਵੀ ਕਿਸਾਨੀ ਸੰਘਰਸ਼ ਦੀ ਤਾਕਤ ਵਧਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹਨੀਂ ਦਿਨੀਂ ਬਜ਼ੁਰਗਾਂ ਦੇ ਹੌਂਸਲੇ ਨੂੰ ਸਲਾਮ ਕਰਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਸੰਘਰਸ਼ ਵਿਚ ਯੋਗਦਾਨ ਪਾ ਰਹੇ 70 ਤੋਂ ਵੀ ਜ਼ਿਆਦਾ ਉਮਰ ਦੇ ਬਜ਼ੁਰਗਾਂ ਦੇ ਜਜ਼ਬੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।  ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਏ ਬਜ਼ੁਰਗ ਨੌਜਵਾਨਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ। ਕਿਸਾਨਾਂ ਨੇ ਕਿਹਾ ਕਿ ਜਿਸ ਨੇ ਵੀ ਪੰਜਾਬ ਨਾਲ ਪੰਗਾ ਲਿਆ ਹੈ, ਉਹ ਬਰਬਾਦ ਹੀ ਹੋਇਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੋਦੀ ਸਰਕਾਰ ਇਹ ਮਸਲਾ ਨਹੀਂ ਹੱਲ ਕਰਦੀ ਤਾਂ ਉਹ ਅਗਲੀ ਰਣਨੀਤੀ ਲਈ ਤਿਆਰ ਹਨ ਤੇ ਅਪਣੀਆਂ ਮੰਗਾਂ ਮਨਵਾਉਣ ਲਈ ਜਾਨਾਂ ਵੀ ਦੇ ਸਕਦੇ ਹਨ। ਕਿਸਾਨਾਂ ਨੇ ਆਉਣ ਵਾਲੇ ਦਿਨਾਂ 'ਚ ਲੜਾਈ ਹੋਰ ਤਿੱਖੀ ਹੋਣ ਦੇ ਸੰਕੇਤ ਦਿੱਤੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਲੋਕਾਂ ਦੀ ਤਾਕਤ ਨੂੰ ਦੁੱਗਣਾ ਕਰ ਰਹੇ ਹਨ।

ਸੰਘਰਸ਼ ਵਿਚ ਸ਼ਾਮਲ 72 ਸਾਲਾ ਬਜ਼ੁਰਗ ਨੇ ਕਿਹਾ ਕਿ ਸਾਡੇ ਬਜ਼ੁਰਗ ਅਜ਼ਾਦੀ ਘੁਲਾਟੀਏ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਮੋਰਚਾ ਲਾਉਣਾ ਹੈ ਤਾਂ ਡਟ ਕੇ ਲਾਓ, ਹਿਲੋ ਨਾ। ਜਿੱਤ ਤੁਹਾਡੀ ਹੋਵੇਗੀ। ਬਜ਼ੁਰਗ ਨੇ ਸਰਕਾਰ ਨੂੰ ਲਲਕਾਰਦੇ ਹੋਏ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ, ਅਸੀਂ ਗੋਲੀਆਂ ਖਾਣ ਲਈ ਵੀ ਤਿਆਰ ਹਾਂ।

ਫਰੀਦਕੋਟ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਦਾ ਬਹਾਨਾ ਬਣਾ ਕੇ ਕਾਲੇ ਕਾਨੂੰਨ ਬਣਾਏ ਤੇ ਕਿਸਾਨਾਂ ਨਾਲ ਧੱਕਾ ਕੀਤਾ। ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਕਿਸਾਨਾਂ ਨੂੰ ਰੋਕਿਆ ਗਿਆ। ਕਿਸਾਨਾਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਰੇਲਵੇ ਸਟੇਸ਼ਨਾਂ 'ਤੇ ਧਰਨੇ ਦੇ ਰਹੇ ਸੀ, ਉਹਨਾਂ ਨੇ ਇਕ ਪੱਤਾ ਤੱਕ ਨਹੀਂ ਹਿਲਾਇਆ ਤੇ ਕਿਸੇ ਦਾ ਕੋਈ ਨੁਕਸਾਨ ਕੀਤਾ।

ਕਿਸਾਨਾਂ ਨੇ ਸਿਰਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ ਤੇ ਦਿੱਲੀ ਵਿਚ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਘਰਸ਼ ਵਿਚ ਸ਼ਾਮਲ ਨੌਜਵਾਨਾਂ ਜੋਸ਼ ਦੇ ਨਾਲ-ਨਾਲ ਹੋਸ਼ ਵਿਚ ਵੀ ਹਨ। ਬਜ਼ੁਰਗਾਂ ਨੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਵਿਰੁੱਧ ਬਣਾਏ ਗਏ ਏਕੇ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।