ਦੇਸ਼ 'ਚ ਪਹਿਲੀ ਵਾਰ ਨਵੀਂ ਤਕਨੀਕ ਨਾਲ ਹੋਵੇਗੀ ਹਰ ਦਰਖ਼ਤ ਦੀ ਨਿਗਰਾਨੀ
ਜੰਗਲਾਤ ਵਿਭਾਗ ਨੇ ਹੁਣ ਸੈਟੇਲਾਈਟ ਆਧਾਰਿਤ ਡੈਸਕਬੋਰਡ ਬਣਾ ਕੇ ਪੌਦਿਆਂ ਦੀ ਨਿਯਮਤ ਨਿਗਰਾਨੀ ਕਰਨ ਦਾ ਰਾਹ ਕੱਢਿਆ ਹੈ।
ਰਾਇਪੁਰ : ਜੰਗਲਾਂ ਦੀ ਬਹੁਗਿਣਤੀ ਵਾਲੇ ਰਾਜ ਵਿਚ ਹੁਣ ਜੰਗਲਾਤ ਵਿਭਾਗ ਵੱਲੋਂ ਇਕ ਹੋਰ ਨਵਾਂ ਪ੍ਰਯੋਗ ਕੀਤਾ ਗਿਆ ਹੈ। ਹੁਣ ਪੌਦੇ ਲਗਾਉਣ ਅਤੇ ਪੌਦਿਆਂ ਦੀ ਦੇਖਭਾਲ ਮੋਨਿਟਰਿੰਗ ਸੈਟੇਲਾਈਟ ਆਧਾਰਿਤ ਡੈਸਕਬੋਰਡ ਰਾਹੀਂ ਕੀਤੀ ਜਾਵੇਗੀ। ਜੰਗਲਾਤ ਵਿਭਾਗ ਨੇ ਲਗਭਗ 6 ਮਹੀਨੇ ਦੀ ਮਿਹਨਤ ਤੋਂ ਬਾਅਦ ਇਸ ਡੈਸਕਬੋਰਡ ਪ੍ਰਣਾਲੀ ਨੂੰ ਤਿਆਰ ਕੀਤਾ ਹੈ। ਅਗਲੇ 15 ਦਿਨਾਂ ਵਿਚ ਇਹ ਪ੍ਰਣਾਲੀ ਕੰਮ ਕਰਨ ਲਗੇਗੀ।
ਹੁਣ ਜਿਥੇ ਵੀ ਪੌਦੇ ਲਗਾਏ ਜਾਣਗੇ, ਉਥੇ ਦੀ ਜੀਪੀਐਸ ਲੋਕੇਸ਼ਨ ਫੀਡ ਕੀਤੀ ਜਾਵੇਗੀ ਜਿਸ ਨਾਲ ਦੂਰ ਬੈਠਿਆਂ ਹੀ ਇਲਾਕੇ ਵਿਚ ਲਗਾਏ ਜਾ ਰਹੇ ਪੌਦਿਆਂ ਨੂੰ ਸਿੱਧੇ ਤੌਰ 'ਤੇ ਦੇਖਿਆ ਜਾ ਸਕੇਗਾ। ਜੰਗਲਾਤ ਵਿਭਾਗ ਵਿਚ ਪੌਦੇ ਲਗਾਉਣ ਲਈ ਖੇਤਰਫਲ ਅਤੇ ਉਸ ਦੇ ਜਿੰਦਾ ਰਹਿਣ ਦੀ ਸਥਿਤੀ ਨੂੰ ਲੈ ਕੇ ਵੱਖ-ਵੱਖ ਰੀਪੋਰਟਾਂ ਵਿਭਾਗ ਕੋਲ ਆਉਂਦੀਆਂ ਸਨ। ਜਿਸ ਨਾਲ ਕਈ ਵਾਰ ਸਟੀਕ ਰੀਪੋਰਟ ਦੀ ਜਾਣਕਾਰੀ ਹਾਸਲ ਨਹੀਂ ਹੋ ਪਾਉਂਦੀ ਸੀ। ਅਜਿਹੇ ਵਿਚ ਕੁਝ ਅਧਿਕਾਰੀ ਵਿਭਾਗ ਨੂੰ ਗੁੰਮਰਾਹ ਕਰਕੇ ਅਜਿਹੀਆਂ ਥਾਵਾਂ 'ਤੇ ਪੌਦੇ ਲਗਾਉਣ ਦੀ ਰੀਪੋਰਟ ਦਿੰਦੇ ਸਨ, ਜਿਥੇ ਇਹਨਾਂ ਦੀ ਨਿਗਰਾਨੀ ਸੰਭਵ ਹੀ ਨਹੀਂ ਸੀ।
ਜੰਗਲਾਤ ਵਿਭਾਗ ਨੇ ਹੁਣ ਸੈਟੇਲਾਈਟ ਆਧਾਰਿਤ ਡੈਸਕਬੋਰਡ ਬਣਾ ਕੇ ਪੌਦਿਆਂ ਦੀ ਨਿਯਮਤ ਨਿਗਰਾਨੀ ਕਰਨ ਦਾ ਰਾਹ ਕੱਢਿਆ ਹੈ ਅਤੇ ਨਾਲ ਹੀ ਇਕ-ਇਕ ਪੌਦੇ ਦੀ ਗਿਣਤੀ ਕੀਤੀ ਜਾ ਸਕੇਗੀ। ਇਕ ਸਾਲ ਵਿਚ ਕਿੰਨੇ ਪੌਦੇ ਲਗਾਏ ਗਏ, ਇਸ ਗਿਣਤੀ ਦਾ ਹਿਸਾਬ ਵੀ ਇਸੇ ਪ੍ਰਣਾਲੀ ਨਾਲ ਹੀ ਹੋ ਸਕੇਗਾ। ਡੈਸਕਬੋਰਡ ਰਾਹੀਂ ਪੌਦੇ ਲਗਾਉਣ ਦੀ ਤਿੰਨ ਸਾਲਾ ਮੁਹਿੰਮ ਨੂੰ ਵੀ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ।
ਵਧੀਕ ਮੁੱਖ ਸਕੱਤਰ ਜੰਗਲਾਤ ਵਿਭਾਗ ਸੀਕੇ ਖੇਤਾਨ ਨੇ ਦੱਸਿਆ ਕਿ ਇਹ ਪ੍ਰਣਾਲੀ ਜੰਗਲਾਤ ਵਿਭਾਗ ਵਿਚ ਪੌਦੇ ਲਗਾਉਣ ਦੀ ਸਮੱਸਿਆ ਦਾ ਵਧੀਆ ਹੱਲ ਹੈ। ਵਖਰੇ ਤਰੀਕੇ ਦਾ ਇਹ ਪ੍ਰਯੋਗ ਰਾਜ ਵਿਚ ਹੀ ਨਹੀਂ ਸਗੋਂ ਦੇਸ਼ ਵਿਚ ਵੀ ਪਹਿਲਾ ਪ੍ਰਯੋਗ ਹੈ। ਇਸੇ ਮਹੀਨੇ ਇਸ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਇਸ ਨੂੰ ਤੁਰਤ ਲਾਗੂ ਕੀਤਾ ਜਾਵੇਗਾ।