ਜਟਰੋਫ਼ਾ ਪੌਦੇ ਤੋਂ ਬਣੇ ਤੇਲ ਨਾਲ ਪਹਿਲੀ ਵਾਰ ਉਡਿਆ ਜਹਾਜ਼, ਚੰਡੀਗੜ੍ਹ 'ਚ ਹੋਈ ਸਫ਼ਲ ਟੈਸਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਕਿ ਹੁਣ ਜਟਰੋਫ਼ਾ ਦੇ ਪੌਦੇ ਤੋਂ ਤਿਆਰ ਕੀਤੇ ਗਏ ਤੇਲ ਨਾਲ ਜਹਾਜ਼ਾਂ ਨੂੰ ਵੀ ਉਡਾਇਆ ਜਾ ਸਕੇਗਾ...

ਜਟਰੋਫ਼ਾ ਪਲਾਂਟ

ਚੰਡੀਗੜ੍ਹ (ਭਾਸ਼ਾ) : ਦੇਸ਼ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਕਿ ਹੁਣ ਜਟਰੋਫ਼ਾ ਦੇ ਪੌਦੇ ਤੋਂ ਤਿਆਰ ਕੀਤੇ ਗਏ ਤੇਲ ਨਾਲ ਜਹਾਜ਼ਾਂ ਨੂੰ ਵੀ ਉਡਾਇਆ ਜਾ ਸਕੇਗਾ।ਦੇਸ਼ ਵਿਚ ਭਾਰਤੀ ਫ਼ੌਜ ਦੇ ਹਵਾਈ ਜਹਾਜ਼ 'ਏਐੱਨ-32' ਨੇ ਅੱਜ ਪਹਿਲੀ ਵਾਰ ਜਟਰੋਫ਼ਾ ਦੇ ਪੌਦੇ ਤੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜੈੱਟ ਹਵਾਈ ਜਹਾਜ਼ ਦੇ ਤੇਲ ਨਾਲ ਚੰਡੀਗੜ੍ਹ ਵਿਚ ਉਡਾਣ ਭਰੀ। ਇਹ ਖ਼ਾਸ ਤੇਲ ਛੱਤੀਸਗੜ੍ਹ ਬਾਇਓਡੀਜ਼ਲ ਡਿਵੈਲਪਮੈਂਟ ਅਥਾਰਟੀ ਵਲੋਂ ਜਟਰੋਫ਼ਾ ਦੇ ਪੌਦੇ ਤੋਂ ਤਿਆਰ ਕੀਤਾ ਗਿਆ ਸੀ ਤੇ ਇਸ ਨੂੰ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਦੇਹਰਾਦੂਨ ਸਥਿਤ ਸੀਐੱਸਆਈਆਰ-ਇੰਡੀਆ ਇੰਸਟੀਚਿਊਟ ਆਫ਼ ਪੈਟਰੋਲੀਅਮ ਵਿਚ ਪ੍ਰਾਸੈੱਸ ਕੀਤਾ ਗਿਆ ਸੀ।


ਇਸ ਪ੍ਰੋਜੈਕਟ ਦੇ ਤਜਰਬੇ ਵਿਚ ਭਾਰਤੀ ਹਵਾਈ ਫ਼ੌਜ ਦੀ ਪ੍ਰੀਮੀਅਰ ਟੈਸਟਿੰਗ ਏਜੰਸੀ ਏਅਰਕ੍ਰਾਫ਼ਟਸ ਐਂਡ ਸਿਸਟਮਜ਼ ਟੈਸਟਿੰਗ ਇਸਟੈਬਲਿਸ਼ਮੈਂਟ ਦੇ ਪਾਇਲਟ ਤੇ ਟੈਸਟ ਇੰਜੀਨੀਅਰ ਪੂਰੀ ਲਗਨ ਨਾਲ ਸ਼ਾਮਲ ਰਹੇ। ਇਨ੍ਹਾਂ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ, ਡਿਫ਼ੈਂਸ ਰੀਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ, ਡਾਇਰੈਕਟੋਰੇਟ ਜਨਰਲ ਏਅਰੋਨੌਟਿਕਲ ਐਸ਼ਯੋਰੈਂਸ ਅਤੇ ਸੀਐੱਸਆਈਆਰ-ਇੰਡੀਅਨ ਇੰਸਟੀਚਿਊਅ ਆਫ਼ ਪੈਟਰੋਲੀਅਮ ਸਭ ਮਿਲ ਕੇ ਤਜਰਬਾ ਸਫ਼ਲ ਬਣਾਉਣ ਵਿਚ ਜੁਟੇ ਹੋਏ ਹਨ। 


ਬੀਤੇ ਜੁਲਾਈ ਮਹੀਨੇ ਇਕ ਸੈਮੀਨਾਰ ਦੌਰਾਨ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ ਸੀ ਕਿ 26 ਜਨਵਰੀ, 2019 ਦੀ ਗਣਤੰਤਰ ਦਿਵਸ ਫ਼ਲਾਈਪਾਸਟ ਵੇਲੇ ਫ਼ੌਜ ਦੇ ਏਐੱਨ-32 ਹਵਾਈ ਜਹਾਜ਼ 10 ਫ਼ੀਸਦੀ ਬਾਇਓ-ਜੈੱਟ ਈਂਧਨ ਨਾਲ ਉਡਾਣਾਂ ਭਰਨਗੇ। ਜਿਸ ਵਿਚ ਕਾਮਯਾਬੀ ਹਾਸਲ ਹੋ ਗਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਲਈ ਜਟਰੋਫ਼ਾ ਦੀ ਖੇਤੀ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ..ਜਿਸ ਤੋਂ ਵਿਸ਼ੇਸ਼ ਤੇਲ ਤਿਆਰ ਕੀਤਾ ਜਾਂਦਾ ਹੈ।