ਹੁਣ ਇਕ ਪੌਦੇ ਤੋਂ ਮਿਲੇਗੀ 2 ਕਿਲੋ ਅਰਹਰ ਅਤੇ 600 ਗ੍ਰਾਮ ਲਾਖ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਤਕਨੀਕ ਰਾਹੀਂ ਖੇਤੀ ਕਰਨ ਨਾਲ ਇਕ ਪੌਦੇ ਤੋਂ 2 ਕਿਲੋ ਅਰਹਰ, 600 ਗ੍ਰਾਮ ਲਾਖ ਅਤੇ ਬਾਲਣ ਦੇ ਲਈ ਲਗਭਗ 5 ਕਿਲੋ ਲਕੱੜ ਹਾਸਲ ਹੋ ਸਕੇਗੀ।

Jawaharlal Nehru Krishi Vishwa Vidyalaya, Jabalpur

ਜਬਲਪੁਰ, ( ਪੀਟੀਆਈ) : ਅਰਹਰ ਦੀ ਖੇਤੀ ਤੋਂ ਹੁਣ ਕਿਸਾਨਾਂ ਨੂੰ ਦੁਗਣਾ ਲਾਭ ਹੋਣ ਜਾ ਰਿਹਾ ਹੈ। ਕਿਸਾਨਾਂ ਨੂੰ ਇਸ ਪੌਦੇ ਤੋਂ ਅਰਹਰ ਦੇ ਨਾਲ ਲਾਖ ਵੀ ਹਾਸਲ ਹੋ ਸਕੇਗਾ। ਇਸ ਨਵੀਂ ਤਕਨੀਕ ਨਾਲ ਅਰਹਰ ਦੀ ਫਸਲ ਦੀ ਪੈਦਾਵਾਰ ਸਾਧਾਰਣ ਤੋਂ ਚਾਰ ਗੁਣਾ ਵੱਧ ਹੋਵੇਗੀ। ਇਸ ਦੇ ਲਈ ਉਪਜਾਊ ਜ਼ਮੀਨ ਦੀ ਲੋੜ ਵੀ ਨਹੀਂ ਪਵੇਗੀ, ਸਗੋਂ ਇਸ ਦੀ ਖੇਤੀ ਮਿੱਟੀ ਨਾਲ ਭਰੀਆਂ ਹੋਈਆਂ ਬੋਰੀਆਂ ਵਿਚ ਹੋਵੇਗੀ। ਜਬਲਪੁਰ ਦੀ ਜਵਾਹਰਲਾਲ ਨਹਿਰੂ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਖੋਜ ਨਾਲ ਇਹ ਸੰਭਵ ਹੋ ਸਕਿਆ ਹੈ। ਇਥੇ ਸੀਮਤ ਜ਼ਮੀਨ,

ਆਮਦਨੀ ਅਤੇ ਹੋਰਨਾਂ ਸਾਧਨਾਂ ਦੀ ਕਮੀ ਦੇ ਚਲਦਿਆਂ ਅਰਹਰ ਦੀ ਖੇਤੀ 'ਤੇ ਇਹ ਸਫਲ ਪ੍ਰਯੋਗ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮੁਖ ਵਿਗਿਆਨੀ ਪ੍ਰੋਫੈਸਰ ਮੋਨੀ ਥਾਮਸ ਮੁਤਾਬਕ ਉਪਜਾਊ ਜ਼ਮੀਨ ਸੀਮਤ ਹੁੰਦੀ ਜਾ ਰਹੀ ਹੈ। ਇਸ ਲਈ ਖੇਤੀ ਵਿਭਾਗ ਸੀਮਤ ਸਾਧਨਾਂ ਦੀ ਵਰਤੋਂ ਰਾਹੀ ਜ਼ਮੀਨ ਅਤੇ ਘੱਟ ਲਾਗਤ 'ਤੇ ਵੱਧ ਪੈਦਾਵਾਰ ਦੇਣ ਵਾਲੀ ਤਕਨੀਕ ਲੱਭ ਰਿਹਾ ਹੈ। ਯੂਨੀਵਰਸਿਟੀ ਦੇ ਖੇਤਾਂ ਵਿਚ 20 ਕਿਲੋ ਮਿੱਟੀ ਦਾ ਵਿਸ਼ੇਸ਼ ਇਲਾਜ ਕਰ ਕੇ ਉਸ ਵਿਚ ਅਰਹਰ ਦੇ ਪੌਦੇ ਲਗਾਏ ਗਏ ਹਨ। ਅੱਧੇ ਏਕੜ ਵਿਚ 200 ਅਰਹਰ ਦੇ ਪੌਦੇ ਲਗਾਏ ਗਏ ਹਨ।

ਇਸ ਦੇ ਨਾਲ ਹੀ ਇਸ ਵਿਚ 20 ਲੱਖ ਕੀੜੇ ਵੀ ਛੱਡੇ ਗਏ ਹਨ। ਇਹ ਕੀੜੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਨੂੰ ਲਾਖ ਦੇ ਰਹੇ ਹਨ। ਇਸ ਤਕਨੀਕ ਰਾਹੀਂ ਖੇਤੀ ਕਰਨ ਨਾਲ ਇਕ ਪੌਦੇ ਤੋਂ 2 ਕਿਲੋ ਅਰਹਰ, 600 ਗ੍ਰਾਮ ਲਾਖ ਅਤੇ ਬਾਲਣ ਦੇ ਲਈ ਲਗਭਗ 5 ਕਿਲੋ ਲਕੱੜ ਹਾਸਲ ਹੋ ਸਕੇਗੀ। ਇਹ ਫਸਲ 10 ਮਹੀਨੇ ਵਿਚ ਤਿਆਰ ਹੋਵੇਗੀ। ਜਦਕਿ ਸਾਧਾਰਣ ਤਰੀਕੇ ਦੀ ਖੇਤੀ ਵਿਚ ਸਿਰਫ 500 ਗ੍ਰਾਮ ਅਰਹਰ ਅਤੇ ਬਾਲਣ ਲਈ ਲੱਕੜ ਹਾਸਲ ਹੁੰਦੀ ਹੈ।

ਛੋਟੇ ਲਾਲ ਕੀੜਿਆਂ ਵੱਲੋਂ ਤਿਆਰ ਕੀਤੇ ਜਾਂਦੀ  ਲਾਖ ਦੀ ਵਰਤੋਂ ਦਵਾਈਆਂ, ਫੂਡ ਪ੍ਰੌਸੈਸਿੰਗ, ਕਾਸਮੈਟਿਕਸ, ਸੂਖਮ ਰਸਾਇਣ ਅਤੇ ਖੁਸ਼ਬੂ ਉਦਯੋਗ ਵਿਚ ਹੁੰਦਾ ਹੈ। ਅਰਹਰ ਦੇ ਪੌਦੇ 'ਤੇ ਛੋਟੇ ਕੀੜਿਆਂ ਨਾਲ ਇਸ ਨੂੰ ਕੋਈ ਨੁਕਸਾਨ ਨਹੀਂ ਪੁਹੰਚਦਾ। ਦੱਸ ਦਈਏ ਕਿ ਬਜ਼ਾਰ ਵਿਚ ਲਾਖ 110 ਰੁਪਏ ਪ੍ਰਤਿ ਕਿਲੇ ਵਿਕਦੀ ਹੈ।