ਪ੍ਰਸ਼ਾਸਨ ਨੇ 6 ਸਾਲ ਤੋਂ ਚੱਲ ਰਹੀ ਲੰਗਰ ਸੇਵਾ ਕਰਵਾਈ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਕਾਨੇਰ ਕੈਂਸਰ ਹਸਪਤਾਲ 'ਚ ਚੱਲ ਰਹੀ ਸੀ ਲੰਗਰ ਸੇਵਾ

Bikaner Cancer Hospital

ਰਾਜਸਥਾਨ: ਭਾਵੇਂਕਿ ਸਿੱਖਾਂ ਵੱਲੋਂ ਹਰ ਜਗ੍ਹਾਂ ਲੰਗਰ ਲਗਾਉਣ ਦੀ ਰਵਾਇਤ ਲਗਾਤਾਰ ਚਲਾਈ ਜਾ ਰਹੀ ਹੈ, ਪਰ ਉੱਥੇ ਹੀ ਰਾਜਸਥਾਨ ਸਰਕਾਰ ਵੱਲੋਂ ਬੀਕਾਨੇਰ ਕੈਂਸਰ ਹਸਪਤਾਲ ਵਿਚ ਚੱਲਦੀ 'ਲੰਗਰ ਸੇਵਾ' ਨੂੰ ਫੌਰੀ ਬੰਦ ਕਰਵਾ ਦਿੱਤਾ ਗਿਆ ਹੈ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੌਰੇਆਣਾ ਦੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਸੀ। ਬੀਕਾਨੇਰ ਪ੍ਰਸ਼ਾਸਨ ਨੇ ਲੰਗਰ ਕਮੇਟੀ ਨੂੰ ਹਸਪਤਾਲ 'ਚੋਂ ਲੰਗਰ ਵਾਲੇ ਸ਼ੈੱਡ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤੋਂ ਸੇਵਾ ਭਾਵ ਰੱਖਣ ਵਾਲੇ ਨੌਜਵਾਨਾਂ ਨੂੰ ਵੱਡਾ ਧੱਕਾ ਲੱਗਿਆ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਪਿੰਡ ਕੌਰੇਆਣਾ ਵੱਲੋਂ 6 ਸਾਲ ਤੋਂ ਬੀਕਾਨੇਰ ਹਸਪਤਾਲ ਦੇ ਕੰਪਲੈਕਸ ਵਿਚ ਮੁਫ਼ਤ ਲੰਗਰ ਸੇਵਾ ਸ਼ੁਰੂ ਕੀਤੀ ਗਈ ਸੀ। ਹਸਪਤਾਲ ਦੇ ਅੰਦਰ ਹੀ ਕਰੀਬ ਦੋ ਕਨਾਲ ਜਗ੍ਹਾ ਵਿਚ ਸ਼ੈੱਡ ਬਣਾ ਕੇ ਇਹ ਸੁਸਾਇਟੀ ਲੰਗਰ ਤਿਆਰ ਕਰਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਦਿਨ 'ਚ ਕਰੀਬ 1000 ਮਰੀਜ਼ ਇੱਥੇ ਲੰਗਰ ਛਕਦੇ ਹਨ।

ਪਿੰਡ ਕੌਰੇਆਣਾ ਦੇ ਅਪਾਹਜ ਗੁਰਜੰਟ ਸਿੰਘ ਨੇ ਇਹ ਹੰਭਲਾ ਮਾਰਿਆ ਸੀ ਅਤੇ ਕਰੀਬ ਦੋ ਦਰਜਨ ਨੌਜਵਾਨਾਂ ਨੇ ਨਾਲ ਜੁੜ ਕੇ ਸੁਸਾਇਟੀ ਬਣਾਈ ਅਤੇ ਲੰਗਰ ਸੇਵਾ ਦਾ ਬੀੜਾ ਚੁੱਕਿਆ। ਉੱਥੇ ਹੀ ਸੁਸਾਇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬੀਕਾਨੇਰ ਪ੍ਰਸ਼ਾਸਨ ਦੇ ਅਧਿਕਾਰੀ ਲੰਗਰ ਵਾਲੀ ਥਾਂ 'ਤੇ ਆਏ ਸਨ ਅਤੇ ਇਹ ਹਦਾਇਤ ਕਰਕੇ ਚਲੇ ਗਏ ਕਿ ਉਹ ਲੰਗਰ ਵਾਲੀ ਜਗ੍ਹਾ ਨੂੰ ਫੌਰੀ ਖਾਲੀ ਕਰ ਦੇਣ।

ਕਾਬਲੇਗੌਰ ਹੈ ਕਿ ਪਹਿਲਾਂ ਜਦੋਂ ਏਦਾਂ ਦੀ ਮੁਸ਼ਕਲ ਆਈ ਸੀ ਤਾਂ ਉਦੋਂ ਰਾਜਸਥਾਨ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 16 ਜੁਲਾਈ 2019 ਨੂੰ ਪੱਤਰ ਜਾਰੀ ਕਰ ਕੇ ਲੰਗਰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਪਰ ਅਵਤਾਰ ਸਿੰਘ ਆਖਦਾ ਹੈ ਕਿ ਹੁਣ ਕੋਈ ਵੀ ਉਹਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ।

ਉੱਧਰ ਦੂਜੇ ਪਾਸੇ ਬੀਕਾਨੇਰ ਹਸਪਤਾਲ ਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪਹਿਲਾਂ ਇਹ ਲੰਗਰ ਧਰਮਸ਼ਾਲਾ ਵਿਚ ਚੱਲ ਰਿਹਾ ਸੀ ਅਤੇ ਉਸ ਤੋਂ ਬਾਅਦ ਸੁਸਾਇਟੀ ਵੱਲੋਂ ਬਿਨਾਂ ਪ੍ਰਵਾਨਗੀ ਤੋਂ ਲੰਗਰ ਹਸਪਤਾਲ ਕੰਪਲੈਕਸ ਦੇ ਅੰਦਰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਕੁਲੈਕਟਰ ਨੇ ਲੰਗਰ ਸੁਸਾਇਟੀ ਨੂੰ ਜਗ੍ਹਾ ਖਾਲੀ ਕਰਨ ਦੇ ਹੁਕਮ ਕੀਤੇ ਹਨ, ਜੋ ਅਮਲ ਵਿਚ ਲਿਆਂਦੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।