ਪਾਕਿ ਤੋਂ ਖਾਲੀ ਹੱਥ ਆਏ ਚੰਡੀਗੜ੍ਹ ਦੇ ‘ਲੰਗਰ ਬਾਬਾ’ ਦੀ ਪੂਰੀ ਕਹਾਣੀ, ਅੱਜ ਮਿਲੇਗਾ ਪਦਮ ਸ਼੍ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਲਿਸਟ ਵਿਚ ‘ਲੰਗਰ ਬਾਬਾ’ ਦਾ ਨਾਂਅ ਵੀ ਸ਼ਾਮਲ ਹੈ।

Photo

ਚੰਡੀਗੜ੍ਹ: ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਲਿਸਟ ਵਿਚ ‘ਲੰਗਰ ਬਾਬਾ’ ਦਾ ਨਾਂਅ ਵੀ ਸ਼ਾਮਲ ਹੈ। ਇਹਨਾਂ ਦਾ ਅਸਲ ਨਾਂਅ ਜਗਦੀਸ਼ ਲਾਲ ਅਹੂਜਾ ਹੈ। ਇਹ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਜਗਦੀਸ਼ ਲਾਲ ਪਿਛਲੇ 38 ਸਾਲਾਂ ਤੋਂ ਭੁੱਖੇ ਅਤੇ ਲੋੜਵੰਦ ਲੋਕਾਂ ਨੂੰ ਖਾਣਾ ਖਵਾਉਂਦੇ ਆ ਰਹੇ ਹਨ। ਇਸੇ ਕਾਰਨ ਇਹਨਾਂ ਦਾ ਨਾਂਅ ‘ਲੰਗਰ ਬਾਬਾ’ ਪੈ ਗਿਆ ਹੈ।

ਜਗਦੀਸ਼ ਲਾਲ ਅਹੂਜਾ ਪਿਛਲੇ 20 ਸਾਲਾਂ ਤੋਂ ਪੀਜੀਆਈ ਦੇ ਬਾਹਰ ਦਾਲ, ਰੋਟੀ, ਚਾਵਲ ਅਤੇ ਹਲਵੇ ਦਾ ਲੰਗਰ ਲਗਾ ਰਹੇ ਹਨ। ਉਹਨਾਂ ਦੇ ਕਾਰਨ ਹੀ ਪੀਜੀਆਈ ਦਾ ਕੋਈ ਵੀ ਮਰੀਜ਼ ਰਾਤ ਨੂੰ ਭੁੱਖਾ ਨਹੀਂ ਸੌਂਦਾ। ਜਗਦੀਸ਼ ਸਿੰਘ ਵੱਲੋਂ ਹਰ ਰੋਜ਼ 500 ਤੋਂ 600 ਵਿਅਕਤੀਆਂ ਦਾ ਲੰਗਰ ਤਿਆਰ ਹੁੰਦਾ ਹੈ।

ਲੰਗਰ ਦੌਰਾਨ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਅਤੇ ਖਿਡੌਣੇ ਵੀ ਵੰਡੇ ਜਾਂਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਲੋੜਵੰਦ ਲੋਕਾਂ ਲਈ ਜਗਦੀਸ਼ ਅਪਣੀ ਪੂਰੀ ਜਾਇਦਾਦ ਵੇਚ ਚੁੱਕੇ ਹਨ। ਅਹੂਜਾ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਸਿਰਫ 12 ਸਾਲ ਦੀ ਉਮਰ ਵਿਚ ਪੰਜਾਬ ਆਏ ਸੀ। ਇੱਥੇ ਆ ਕੇ ਉਹ ਮਾਨਸਾ ਵਿਖੇ ਰਹੇ।

ਉਸ ਤੋਂ ਬਾਅਦ ਉਹ ਪਟਿਆਲਾ ਗਏ ਤੇ ਫਿਰ ਉਹ 1950 ਤੋਂ ਬਾਅਦ ਕਰੀਬ 21 ਸਾਲ ਦੀ ਉਮਰ ਵਿਚ ਚੰਡੀਗੜ੍ਹ ਆ ਗਏ। ਇੱਥੇ ਆ ਕੇ ਉਹਨਾਂ ਨੇ ਫਲਾਂ ਵਾਲੀ ਰੇਹੜੀ ਕਿਰਾਏ ‘ਤੇ ਲੈ ਕੇ ਕੇਲੇ ਵੇਚਣੇ ਸ਼ੁਰੂ ਕੀਤੇ। ਜਗਦੀਸ਼ ਅਹੂਦਾ ਦਾ ਕਹਿਣਾ ਹੈ ਕਿ ਲੋਕਾਂ ਲਈ ਲੰਗਰ ਦੀ ਸੇਵਾ ਕਰਨ ਪ੍ਰੇਰਣਾ ਉਹਨਾਂ ਨੂੰ ਅਪਣੀ ਦਾਦੀ ਕੋਲੋਂ ਮਿਲੀ।

ਅਹੂਦਾ ਨੇ ਦੱਸਿਆ ਕਿ ਉਹਨਾਂ ਨੇ 1981 ਵਿਚ ਅਪਣੇ ਬੇਟੇ ਦੇ ਜਨਮ ਦਿਨ ‘ਤੇ ਪਹਿਲੀ ਵਾਰ ਸੈਕਟਰ-26 ਦੀ ਸਬਜ਼ੀ ਮੰਡੀ ਵਿਚ ਲੰਗਰ ਲਗਾਇਆ ਸੀ। ਇਸ ਤੋਂ ਬਾਅਦ ਲੰਗਰ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਨਵਰੀ 2000 ਵਿਚ ਜਦੋਂ ਉਹ ਬਿਮਾਰ ਹੋਏ ਤਾਂ ਉਹਨਾਂ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਪੇਟ ਦੇ ਕੈਂਸਰ ਤੋਂ ਪੀੜਤ ਸਨ। ਕੈਂਸਰ ਦੇ ਮਰੀਜ਼ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਜ਼ਬੇ ਵਿਚ ਕੋਈ ਕਮੀ ਨਹੀਂ ਆਈ।