ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਨਰੇਂਦਰ ਤੋਮਰ ਦੀ ਸੰਸਦ ‘ਚ ਹਾਈਲੇਵਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ...

BJP Party

ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ। ਅੱਜ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਾਲੇ ਤਕਰਾਰ ਜਾਰੀ ਹੈ। ਇਸਨੂੰ ਲੈ ਕੇ ਪੀਐਮ ਮੋਦੀ ਨੇ ਕਿਸਾਨ ਅੰਦੋਲਨ ਦੇ ਮਸਲੇ ‘ਤੇ ਸੰਸਦ ਵਿਚ ਹਾਈਲੇਵਲ ਮੀਟਿੰਗ ਕੀਤੀ।

ਇਸ ਮੀਟਿੰਗ ਵਿਚ ਪੀਐਮ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰੇਂਦਰ ਤੋਮਰ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੀਐਮ ਮੋਦੀ ਨੇ ਕਿਹਾ ਸੀ ਕਿ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਇਕ ਕਾਲ ਦੀ ਦੂਰੀ ਹੈ।

ਇਕ ਕਾਲ ਦੀ ਦੂਰੀ

ਦੱਸ ਦਈਏ ਕਿ ਪੀਐਮ ਮੋਦੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਕਿਸਾਨ ਅਤੇ ਸਰਕਾਰ ਵਿਚਕਾਰ ਗੱਲਬਾਤ ਦਾ ਰਸਤਾ ਹਮੇਸ਼ਾ ਖੁੱਲ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੇਤੀ ਮੰਤਰੀ ਨਰੇਂਦਰ ਤੋਮਰ ਦੀ ਗੱਲ ਦੁਹਰਾਨਾ ਚਾਹੁੰਦੇ ਹਨ। ਸਰਕਾਰ ਅਤੇ ਕਿਸਾਨ ਆਮ ਸਹਿਮਤੀ ‘ਤੇ ਨਹੀਂ ਪਹੁੰਚੇ ਪਰ ਅਸੀਂ ਕਿਸਾਨਾਂ ਦੇ ਸਾਹਮਣੇ ਵਿਕਲਪ ਰੱਖ ਰਹੇ ਹਾਂ।

ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਬਸ ਇਕ ਕਾਲ ਦੀ ਦੂਰੀ ਹੈ। ਇਸਨੂੰ ਲੈ ਅੱਜ ਹੋ ਰਹੀ ਹਾਈਲੇਵਲ ਮੀਟਿੰਗ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਾਲੇ ਵਾਰਤਾ ਫਿਰ ਤੋਂ ਸ਼ੁਰੂ ਹੋ ਸਕਦੀ ਹੈ।

ਫਿਰ ਸ਼ੁਰੂ ਹੋ ਸਕਦੀ ਹੈ ਗੱਲਬਾਤ

ਪੀਐਮ ਮੋਦੀ ਨੇ ਕਿਹਾ ਸੀ ਕਿ ਨਰੇਂਦਰ ਤੋਮਰ ਨੇ ਸਾਡੇ ਵੱਲੋਂ ਪ੍ਰਸਤਾਵ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਜਾ ਕੇ ਅਪਣੀ ਆਪਸ ਵਿਚ ਸਲਾਹ ਕਰ ਲੈਣ ਅਤੇ ਮੈਂ ਇਕ ਫੋਨ ਕਾਲ ਦੀ ਦੂਰੀ ‘ਤੇ ਹਾਂ। ਤੁਸੀਂ ਜਦੋਂ ਵੀ ਮਾਨ ਬਣਾ ਲਓਗੇ ਮੈਂ ਕੁਝ ਸਮੇਂ ਵਿਚ ਹੀ ਤੁਹਾਡੇ ਨਾਲ ਮਿਲਣ ਦਾ ਪ੍ਰੋਗਰਾਮ ਤੇ ਥਾਂ ਤੈਅ ਕਰ ਲਵਾਂਗਾ। ਸਰਕਾਰ ਦਾ ਪ੍ਰਸਤਾਵ ਅੱਜ ਵੀ ਮੌਜੂਦ ਹੈ।

ਬੀਜੇਪੀ ਦੀ ਅਹਿਮ ਬੈਠਕ ਜਲਦ

ਬੀਜੇਪੀ ਦੀ ਇਕ ਅਹਿਮ ਮੀਟਿੰਗ 14 ਫ਼ਰਵਰੀ ਨੂੰ ਦਿੱਲੀ ਵਿਚ ਪਾਰਟੀ ਦਫ਼ਤਰ ਵਿਚ ਹੋਵੇਗੀ। ਇਸ ਬੈਠਕ ਵਿਚ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਪਾਰਟੀ ਦੇ ਹੋਰ ਵੱਡੇ ਨੇਤਾ ਵੀ ਸ਼ਾਮਲ ਹੋਣਗੇ। ਮੀਟਿੰਗ ਦਾ ਏਜੰਡਾ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਪਰ ਇਹ ਮੀਟਿੰਗ ਅਜਿਹੇ ਸਮੇਂ ਬੁਲਾਈ ਗਈ ਹੈ ਜਦੋਂ ਪਾਰਟੀ ਸਾਹਮਣੇ ਕਿਸਾਨਾਂ ਦਾ ਅੰਦੋਲਨ ਇਕ ਵੱਡੀ ਚੁਣੌਤੀ ਦੇ ਰੂਪ ਵਿਚ ਖੜ੍ਹੀ ਹੈ।